ਚੀਨ ਦੀ ਕੰਧ, ਮੋਦੀ ਤੇ ਟਰੰਪ

0

Great wall of Chinaਚੀਨ ਦੀ ਕੰਧ ਏਨੀ ਵੱਡੀ ਹੈ ਕਿ ਇਹ ਪੁਲਾੜ ਵਿੱਚੋਂ ਵੀ ਨਜ਼ਰ ਆਉਂਦੀ ਹੈ ਪਰ ਫ਼ਿਰਕਿਆਂ, ਮਜ਼ਹਬਾਂ, ਜਾਤਾਂ ਅਤੇ ਧਰਮਾਂ ਦੇ ਨਾਂ ਕੱਢੀਆਂ ਜਾਂਦੀਆਂ ਕੰਧਾਂ ਵੱਖਰੀ ਕਿਸਮ ਦੀਆਂ ਹੁੰਦੀਆਂ ਹਨ। ਇਹ ਦਿਖਾਈ ਨਹੀਂ ਦਿੰਦੀਆਂ, ਜਿਸ ਕਰਕੇ ਇਨ੍ਹਾਂ ਤੋਂ ਪਾਰ ਜਾਣਾ ਔਖਾ ਹੁੰਦਾ ਹੈ। ਦੇਸ਼ ਵਿੱਚ ਜਦੋਂ ਤੋਂ ‘ਅੱਛੇ ਦਿਨ’ ਆਏ ਹਨ, ਉਦੋਂ ਤੋਂ ਇਹ ਕੰਧਾਂ ਹੋਰ ਵੀ ਉੱਚੀਆਂ ਹੋਣ ਲੱਗੀਆਂ ਹਨ। ਮੱਧ ਪ੍ਰਦੇਸ਼, ਗੁਜਰਾਤ, ਦਾਦਰੀ, ਜੰਮੂ-ਕਸ਼ਮੀਰ ਅਤੇ ਮੁਲਕ ਦੇ ਹੋਰ ਖ਼ਿੱਤਿਆਂ ਵਿੱਚ ਇਹ ਕੰਧਾਂ ਧੜਾਧੜ ਉਸਰ ਅਤੇ ਮਜ਼ਬੂਤ ਹੋ ਰਹੀਆਂ ਹਨ।
ਭਾਜਪਾ ਨੇ ਸੱਤਾ ਵਿੱਚ ਆਉਣ ਲਈ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚੋਂ ਇਕ ਕਾਲੇ ਧਨ ਦੇ ਖਾਤਮੇ ਦਾ ਵੀ ਸੀ। ਇਸ ਨੂੰ ਪੁਗਾਉਣ ਵਾਸਤੇ ਹਾਲ ਹੀ ਵਿੱਚ ਜੋ ‘ਪ੍ਰਬੰਧ’ ਕੀਤਾ ਗਿਆ ਹੈ, ਉਸ ਨੇ ਦੇਸ਼ ਦੀ ਵੱਡੀ ਆਬਾਦੀ ਸੜਕਾਂ ’ਤੇ ਲਿਆ ਖੜ੍ਹੀ ਕੀਤੀ ਹੈ। ਲੋਕ ਨਵੇਂ ਨੋਟ ਲੈਣ ਲਈ ਸਵੇਰੇ ਹੀ ਬੈਂਕਾਂ ਅੱਗੇ ਕਤਾਰਾਂ ਵਿੱਚ ਲੱਗ ਜਾਂਦੇ ਹਨ ਤੇ ਦਿਨ ਭਰ ਦੀ ਖੱਜਲ-ਖੁਆਰੀ ਪਿੱਛੋਂ ਦੋ ਤੋਂ ਚਾਰ ਹਜ਼ਾਰ ਰੁਪਏ ਬਦਲਵਾ ਲਿਆਉਂਦੇ ਹਨ। ਕਈਆਂ ਨੂੰ ਤਾਂ ਖਾਲੀ ਹੱਥ ਹੀ ਮੁੜਨਾ ਪੈਂਦਾ ਹੈ। ਦਿਹਾੜੀਦਾਰਾਂ ਤੇ ਮੱਧ ਵਰਗੀ ਪਰਿਵਾਰਾਂ ਨੂੰ ਤਾਂ ਦੋ ਡੰਗ ਦੀ ਰੋਟੀ ਦਾ ਪ੍ਰਬੰਧ ਕਰਨਾ ਔਖਾ ਹੋਇਆ ਪਿਆ ਹੈ। ਦੂਜੇ ਪਾਸੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਕਾਲੇ ਧਨ ਅੱਗੇ ਕੱਢੀ ਇਹ ਕੰਧ ਬੌਣੀ ਹੀ ਹੈ ਕਿਉਂਕਿ ਇਸ ਨਾਲ ਕਰੰਸੀ ਨਾਲ ਸਬੰਧਿਤ ਕੁੱਲ ਕਾਲੇ ਧਨ ਦਾ 20 ਫ਼ੀਸਦੀ ਵੀ ਪ੍ਰਾਪਤ ਨਹੀਂ ਹੋਣਾ। ਵੱਡੇ ਕਾਰੋਬਾਰੀ ਤਾਂ ਪਹਿਲਾਂ ਹੀ ਆਪਣੀ ਦੋ ਨੰਬਰ ਦੀ ਕਮਾਈ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਰਵਾ ਦਿੰਦੇ ਹਨ ਤੇ ਬਾਕੀ ਸੋਨਾ ਜਾਂ ਪ੍ਰਾਪਰਟੀ ਖ਼ਰੀਦ ਕੇ ਖਪਾ ਦਿੰਦੇ ਹਨ। ਹਾਂ ਬਾਕੀ ਜਨਤਾ ਜ਼ਰੂਰ ਇਸ ਕੰਧ ਦੇ ਅੜਿੱਕੇ ਕਾਰਨ ਗਿੱਟੇ-ਗੋਡੇ ਰਗੜਵਾ ਰਹੀ ਹੈ।
ਭਾਰਤ ਵਾਸੀਆਂ ਵਾਂਗ ਇਸ ਵਾਰ ਅਮਰੀਕਾ ਦੇ ਲੋਕਾਂ ਨੇ ਵੀ ‘ਅਬਕੀ ਬਾਰ ਟਰੰਪ ਸਰਕਾਰ’ ਦੀ ਚੋਣ ਕੀਤੀ ਹੈ। ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਕੋਈ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਕਿ ਡੋਨਲਡ ਟਰੰਪ ਰਾਸ਼ਟਰਪਤੀ ਪਦ ਜਿਹਾ ਵੱਕਾਰੀ ਅਹੁਦਾ ਹਾਸਲ ਕਰ ਲਵੇਗਾ। ਉਸ ਦਾ ਅਕਸ ਧੱਕੜ ਕਾਰੋਬਾਰੀ ਵਾਲਾ ਹੈ ਜੋ ਆਪਣੇ ਮਕਸਦ ਦੀ ਪੂਰਤੀ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਇਹ ਚੋਣ ਜਿੱਤਣ ਵਾਸਤੇ ਵੀ ਉਸ ਨੇ ਕੁਝ ਵੱਖਰਾ ਹੀ ਢੰਗ ਅਪਣਾਇਆ। ਉਸ ਨੇ ਅਮਰੀਕਾ ਵਾਸੀਆਂ ਨੂੰ ਨਸਲਪ੍ਰਸਤੀ ਦੀ ਪਾਣ ਚਾੜ੍ਹਦਿਆਂ ਸਮਝਾਇਆ ਕਿ ਅਮਰੀਕੀ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਉਹ ਹੀ ਸਭ ਤੋਂ ਉੱਤਮ ਹੈ। ਬਾਹਰਲਿਆਂ ਨੂੰ ਛੇਤੀ ਹੀ ਇਨ੍ਹਾਂ ਦੇ ਘਰੀਂ ਤੋਰ ਦਿੱਤਾ ਜਾਵੇਗਾ। ਮੁਸਲਮਾਨਾਂ ਨੂੰ ਦੇਸ਼ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਅਮਰੀਕਾ ’ਚ ਵੱਡੇ ਪੱਧਰ ਦੇ ਕੰਮ ਕਰਨ ਵਾਲੀ ਮਜ਼ਦੂਰ ਜਮਾਤ ਮੈਕਸਿਕਨਾਂ ਨੂੰ ਰੋਕਣ ਲਈ ਅਮਰੀਕਾ ਤੇ ਮੈਕਸਿਕੋ ਦੀ ਸਰਹੱਦ ’ਤੇ ਕੰਧ ਕੱਢ ਦਿੱਤੀ ਜਾਵੇਗੀ। ਉਸ ਵੱਲੋਂ ਫੈਲਾਏ ਇਸ ਜਾਲ ਵਿੱਚ ਵੱਡੀ ਗਿਣਤੀ ਵੋਟਰ ਫਸ ਗਏ। ਦੇਸ਼ ਨੂੰ ਦਰਪੇਸ਼ ਹੋਰ ਚੁਣੌਤੀਆਂ ਦੇ ਮੁੱਦੇ ’ਤੇ ਜਿੱਥੇ ਕਿਤੇ ਵੀ ਉਹ ਆਪਣੇ ਆਪ ਨੂੰ ਘਿਰਿਆ ਮਹਿਸੂਸ ਕਰਦਾ ਤਾਂ ਉਹ ਮੈਕਸਿਕੋ ਦੀ ਸਰਹੱਦ ’ਤੇ ਕੰਧ ਕੱਢਣ ਦਾ ਰਾਗ ਛੋਹ ਲੈਂਦਾ ਤੇ ਲੋਕ ਤਾੜੀਆਂ ਮਾਰ-ਮਾਰ ਕੇ ਉਸ ਦਾ ਸਵਾਗਤ ਕਰਦੇ। ਆਖਰ ਟਰੰਪ ਨੇ ਚੋਣ ਜਿੱਤ ਲਈ ਤੇ ਇਸ ਦੇ ਨਾਲ ਹੀ ਉਸ ਨੇ ਆਪਣੇ ਇਨ੍ਹਾਂ ਚੋਣ ਵਾਅਦਿਆਂ ਨੂੰ ਪੂਰੇ ਕਰਨ ਦੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਹਨ, ਜਿਸ ਤੋਂ ਉਥੋਂ ਦੇ ਲੋਕਾਂ ਨੂੰ ਵੀ ‘ਅੱਛੇ ਦਿਨ’ ਆਉਣ ਦੇ ਸੰਕੇਤ ਮਿਲਣ ਲੱਗੇ ਹਨ।
ਹੁਣ ਚੀਨ ਦੀ ਕੰਧ ਦੀ ਗੱਲ ਕਰਦੇ ਹਾਂ ਜੋ ਚੀਨੀ ਸ਼ਾਸਕਾਂ ਨੇ ਹਮਲਾਵਰਾਂ ਨੂੰ ਰੋਕਣ ਵਾਸਤੇ ਬਹੁਤ ਜੱਦੋਜਹਿਦ ਨਾਲ ਬਣਾਈ ਸੀ। ਇਸ ਕੰਧ ਦੀ ਉਸਾਰੀ ਕਰਦਿਆਂ ਹਜ਼ਾਰਾਂ ਲੋਕੀਂ ਮੌਤ ਦੇ ਮੂੰਹ ਜਾ ਪਏ ਸਨ ਪਰ ਲੰਮੇ ਅਰਸੇ ਤੱਕ ਇਸ ਦੀ ਉਸਾਰੀ ਹੁੰਦੀ ਰਹੀ। ਇਸ ਕੰਧ ਨੂੰ ਅਜਿੱਤ ਮੰਨਿਆ ਜਾਂਦਾ ਹੈ। ਕੋਈ ਇਸ ਨੂੰ ਤੋੜ ਨਹੀਂ ਸਕਦਾ ਤੇ ਨਾ ਹੀ ਇਸ ਨੂੰ ਟੱਪਿਆ ਜਾ ਸਕਦਾ ਹੈ। ਇਹ ਸਾਰੀਆਂ ਗੱਲਾਂ ਮੰਗੋਲ ਹਮਲਾਵਰ ਚੰਗੇਜ਼ ਖ਼ਾਨ ਨੂੰ ਵੀ ਪਤਾ ਸਨ ਪਰ ਉਹ ਚੀਨ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸ ਨੂੰ ਭਾਵੇਂ ਜ਼ਾਲਮ ਸ਼ਾਸਕ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ ਪਰ ਉਹ ਆਪਣੀ ਧੁਨ ਦਾ ਪੱਕਾ ਸੀ। ਉਸ ਨੇ ਚੀਨ ਜਿੱਤਣ ਦੀ ਚੁਣੌਤੀ ਸਵੀਕਾਰ ਕੀਤੀ ਤੇ ਆਪਣੀ ਫ਼ੌਜ ਸਮੇਤ ਕੰਧ ਦੇ ਨਾਲ ਅੱਗੇ ਵਧਦਾ ਆਇਆ ਅਤੇ ਜਿੱਥੇ ਕੰਧ ਖਤਮ ਹੋ ਗਈ, ਉੱਥੋਂ ਉਹ ਚੀਨ ਵਿੱਚ ਦਾਖ਼ਲ ਹੋ ਗਿਆ। ਉਸ ਨੇ ਚੀਨ ’ਤੇ ਜਿੱਤ ਹਾਸਲ ਕਰਕੇ ਦਰਸਾ ਦਿੱਤਾ ਕਿ ਕਈ ਵਾਰ ਕੰਧਾਂ ਟੱਪਣ ਦੀ ਲੋੜ ਨਹੀਂ ਪੈਂਦੀ, ਮਿਥੇ ਮੰਤਵ ਦੀ ਪੂਰਤੀ ਲਈ ਰਸਤੇ ਹੋਰ ਵੀ ਹੁੰਦੇ ਹਨ।
………………ਅਮ੍ਰਤ ਸੰਪਰਕ: 98726-61846

November 29, 2016 |

Leave a Reply

Your email address will not be published. Required fields are marked *

© 2019 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar