ਪੰਜਾਬੀਆਂ, ਗੈਰ-ਪੰਜਾਬੀਆਂ ਦੀ ਲੜਾਈ ਦੀਆਂ ਗੱਲਾਂ ਕਰਨ ਵਾਲਿਆਂ ਦੇ ਨਾਂ

9

 

Shameel Jasvir    ਆਮ ਆਦਮੀ ਪਾਰਟੀ ਦੀ ਅੰਦਰੂਨੀ ਲੜਾਈ ਜਾਂ ਝਗੜਿਆਂ ਵਿਚ ਮੇਰੀ ਕੋਈ ਜ਼ਿਆਦਾ ਦਿਲਚਸਪੀ ਨਹੀਂ ਹੈ। ਪਾਰਟੀ ਦੇ ਹਿਮਾਇਤੀਆਂ ਅਤੇ ਵਿਰੋਧੀਆਂ ਦੀ ਇਸ ਵਿਚ ਦਿਲਚਸਪੀ ਹੋਣੀ ਕੁਦਰਤੀ ਹੈ। ਪਰ ਇਸ ਝਗੜੇ ਦਾ ਇੱਕ ਅਜਿਹਾ ਪਹਿਲੂ ਹੈ, ਜਿਸ ਬਾਰੇ ਮੈਂ ਕੁੱਝ ਕਹਿਣਾ ਚਾਹੁੰਦਾ ਹਾਂ। ਇਨਸਾਨੀ ਤੌਰ ਤੇ ਵੀ ਅਤੇ ਇੱਕ ਪੰਜਾਬੀ ਸਿੱਖ ਦੇ ਤੌਰ ਤੇ ਵੀ ਇਹ ਚੀਜ਼ ਮੈਨੂੰ ਪਰੇਸ਼ਾਨ ਕਰ ਰਹੀ ਹੈ।
ਕਾਫੀ ਦੇਰ ਤੋਂ ਕੁੱਝ ਲੋਕ ਇਸ ਨੂੰ ਪੰਜਾਬੀਆਂ ਅਤੇ ਗੈਰ-ਪੰਜਾਬੀਆਂ ਦੀ ਲੜਾਈ ਬਣਾਕੇ ਨਾ ਸਿਰਫ ਪੇਸ਼ ਕਰ ਰਹੇ ਹਨ ਬਲਕਿ ਇਸ ਬਾਰੇ ਇਸ ਤਰਾਂ ਦੀ ਭਾਸ਼ਾ ਵਿਚ ਗੱਲ ਕਰ ਰਹੇ ਹਨ, ਜਿਸ ਨੂੰ ਪੜ੍ਹਕੇ ਮੈਨੂੰ ਆਪਣੇ ਪੰਜਾਬੀ ਹੋਣ ਤੇ ਸ਼ਰਮ ਆ ਰਹੀ ਹੈ।
ਆਪਣੀ ਗੱਲ ਕਹਿਣ ਤੋਂ ਪਹਿਲਾਂ ਮੈਂ ਇੱਥੇ ਕੈਨੇਡਾ ਦੀ ਇਕ ਮਿਸਾਲ ਦੇਣਾ ਚਾਹੁੰਦਾ ਹਾਂ:
ਕੁੱਝ ਦੇਰ ਪਹਿਲਾਂ ਸਾਡੇ ਸ਼ਹਿਰ ਬਰੈਂਪਟਨ ਵਿਚ ਸਿਟੀ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਕਿਸੇ ਮੁੱਦੇ ਤੇ ਵਿਵਾਦ ਚੱਲ ਰਿਹਾ ਸੀ। ਸਾਡੇ ਲੋਕ ਜਦੋਂ ਇਥੋਂ ਦੀ ਰਾਜਨੀਤੀ ਵਿਚ ਸ਼ਾਮਲ ਹੁੰਦੇ ਹਨ ਤਾਂ ਉਨਾਂ ਵਿਚ ਬਹੁਤ ਸਾਰੇ ਅਜਿਹੇ ਵੀ ਹਨ, ਜਿਹਨਾਂ ਨੂੰ ਕੈਨੇਡਾ ਦੀਆਂ ਆਧੁਨਿਕ ਡੈਮੋਕਰੈਟਿਕ ਪਰੰਪਰਾਵਾਂ ਦੀ ਜ਼ਿਆਦਾ ਸਮਝ ਨਹੀਂ ਹੁੰਦੀ ਅਤੇ ਉਹ ਆਪਣੇ ਧਾਕੜ ਸਟਾਈਲ ਵਿਚ ਹੀ ਸਿਆਸਤ ਕਰਨਾ ਚਾਹੁੰਦੇ ਹਨ। ਇਸੇ ਤਰਾਂ ਦੇ ਲੋਕਾਂ ਤੋਂ ਤੰਗ ਹੋ ਕੇ ਸਾਡੇ ਇਥੋਂ ਦੇ ਇਕ ਇਟੈਲੀਅਨ ਮੂਲ ਦੇ ਸਿਟੀ ਕੌਂਸਲਰ ਤੋਂ ਚੱਲਦੀ ਗੱਲ ਵਿਚ ਕਿਸੇ ਬਾਰੇ ਇਹ ਗੱਲ ਮੂੰਹੋਂ ਨਿਕਲ ਗਈ ਕਿ ਕੁੱਝ ਲੋਕ ‘ਇੰਡੀਆ ਸਟਾਈਲ’ ਰਾਜਨੀਤੀ ਕਰ ਰਹੇ ਹਨ। ਇਸ ਗੱਲ ਨੂੰ ਲੈ ਕੇ ਅਸੀਂ ਨਾ ਸਿਰਫ ਬੁਰਾ ਮਨਾਇਆ ਬਲਕਿ ਇੱਕ ਲਿਹਾਜ਼ ਨਾਲ ਅਸਮਾਨ ਹੀ ਸਿਰ ਤੇ ਚੁੱਕ ਲਿਆ। ਉਸ ਕੌਂਸਲਰ ਨੂੰ ਆਪਣੀ ਕਹੀ ਗੱਲ ਤੇ ਅਫਸੋਸ ਕਰਨਾ ਪਿਆ। ਇਥੇ ਕੈਨੇਡਾ ਦੀ ਸਿਆਸਤ ਵਿਚ ਜੇ ਕਦੇ ਕੋਈ ਸਿਆਸਤਦਾਨ ਜਾਂ ਕਿਤੇ ਮੀਡੀਆ ਵਿਚ ਕੋਈ ਹਲਕੀ ਜਿਹੀ ਵੀ ਇਹ ਗੱਲ ਕਰ ਦਿੰਦਾ ਹੈ, ਜਿਸ ਚੋਂ ਨਸਲਵਾਦ ਦੀ ਕੋਈ ਝਲਕ ਮਿਲਦੀ ਹੋਵੇ ਤਾਂ ਅਸੀਂ ਉਦੋਂ ਤੱਕ ਚੁੱਪ ਨਹੀਂ ਕਰਦੇ ਜਦੋਂ ਤੱਕ ਅਗਲਾ ਮਾਫੀ ਨਹੀਂ ਮੰਗ ਲੈਂਦਾ।
ਹੁਣ ਇਸ ਮਿਸਾਲ ਨੂੰ ਸਾਹਮਣੇ ਰੱਖਕੇ ਪੰਜਾਬ ਦੀ ਗੱਲ ਕਰਦੇ ਹਾਂ। ਆਮ ਆਦਮੀ ਪਾਰਟੀ ਇਕ ਨੈਸ਼ਨਲ ਪਾਰਟੀ ਹੈ, ਜਿਸ ਦੀ ਮੁੱਖ ਲੀਡਰਸ਼ਿਪ ਦਿੱਲੀ ਤੋਂ ਆਈ ਹੈ। ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੀ ਮੁਲਕ ਦੇ ਸਾਰੇ ਹਿੱਸਿਆਂ ਵਿਚੋਂ ਹੈ ਅਤੇ ਕਾਂਗਰਸ ਦੀ ਵੀ। ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵੀ ਜਦੋਂ ਪੰਜਾਬ ਵਿਚ ਆਪਣਾ ਸਟੇਟ ਅਬਜ਼ਰਵਰ ਜਾਂ ਇੰਚਾਰਜ ਲਾਉਂਦੀਆਂ ਹਨ ਤਾਂ ਉਹ ਕਿਸੇ ਵੀ ਸੂਬੇ ਚੋਂ ਹੋ ਸਕਦਾ ਹੈ।
ਜੇ ਆਮ ਆਦਮੀ ਪਾਰਟੀ ਦੇ ਪੰਜਾਬ ਵਿਚ ਕੰਮ ਕਰ ਰਹੇ ਆਬਜ਼ਰਵਰ ਦੂਜੇ ਸੂਬਿਆਂ ਜਾਂ ਖਾਸ ਕਰਕੇ ਦਿੱਲੀ ਚੋਂ ਆਏ ਹਨ ਤਾਂ ਇਸ ਤੇ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ? ਕਿਸੇ ਨੂੰ ਵੀ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕੋਈ ਸਮੱਸਿਆ ਹੋ ਸਕਦੀ ਹੈ ਪਰ ਇਸ ਨੂੰ ਉਸ ਵਿਅਕਤੀ ਦੇ ਧਰਮ, ਕਲਚਰ, ਜਾਤ, ਇਲਾਕੇ ਜਾਂ ਬੋਲੀ ਨਾਲ ਜੋੜਨਾ ਇਕ ਨਸਲਵਾਦੀ ਸੋਚ ਹੈ। ਸਾਡੇ ਲੋਕ ਇਥੇ ਕੈਨੇਡਾ ਵਿਚ ਐਨੀ ਦੂਰ ਅਤੇ ਇੱਕ ਬਿਲਕੁੱਲ ਵੱਖਰੇ ਮੁਲਕ, ਸਭਿਆਚਾਰ ਵਿੱਚ ਆ ਕੇ ਮੰਤਰੀ ਬਣੇ ਬੈਠੇ ਹਨ, ਉਸ ਤੇ ਸਾਨੂੰ ਬੜਾ ਮਾਣ ਹੁੰਦਾ ਹੈ ਪਰ ਪੰਜਾਬ ਦੀ ਰਾਜਨੀਤੀ ਵਿਚ ਕਿਸੇ ਪਾਰਟੀ ਨੇ ਜੇ ਆਪਣੇ ਆਬਜ਼ਰਵਰ ਕਿਸੇ ਦੂਜੇ ਸੂਬੇ ਚੋਂ ਭੇਜੇ ਹਨ ਤਾਂ ਇਸ ਨੂੰ ਅਸੀਂ ਨਸਲੀ ਰੰਗਤ ਦੇ ਰਹੇ ਹਾਂ।
ਮੈਨੂੰ ਹੈਰਾਨੀ ਅਤੇ ਦੁੱਖ ਇਸ ਗੱਲ ਦਾ ਹੋ ਰਿਹਾ ਹੈ ਕਿ ਸਾਡੇ ਇਥੇ ਕੈਨੇਡਾ ਬੈਠੇ ਕਈ ਭਾਈ ਵੀ ਆਮ ਆਦਮੀ ਪਾਰਟੀ ਦੇ ਦੂਜੇ ਸੂਬਿਆਂ ਤੋਂ ਆਏ ਲੋਕਾਂ ਨੂੰ ‘ਬਿਹਾਰੀ’ ਦੱਸ ਰਹੇ ਹਨ। ਇਨ੍ਹਾਂ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਘੱਟੋ ਘੱਟੋ ਤੁਸੀਂ ਦੂਜੇ ਮੁਲਕਾਂ ਵਿੱਚ ਬੈਠੇ ਲੋਕ ਤਾਂ ਇਸ ਤਰਾਂ ਦੀਆਂ ਗੱਲਾਂ ਨਾ ਕਰੋ। ਆਪਣੇ ਅੰਦਰ ਝਾਤੀ ਮਾਰੋ। ਅਸੀਂ ਤਾਂ ਇਨ੍ਹਾਂ ਮੁਲਕਾਂ ਵਿਚ ਬੈਠੇ ਲੋਕ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਹਾਂ ਕਿ ਅੱਜ ਦੇ ਇਸ ਸੰਸਾਰ ਵਿਚ ‘ਨਸਲਵਾਦੀ ਸੋਚ’ ਕਿੰਨੀ ਘਟੀਆ ਅਤੇ ਗਿਰੀ ਹੋਈ ਸੋਚ ਸਮਝੀ ਜਾਂਦੀ ਹੈ।
ਇਸ ਤਰਾਂ ਦੀਆਂ ਟਿੱਪਣੀਆਂ ਕਰਨ ਵਾਲੇ ਕਈ ਸੱਜਣ ਅਜਿਹੇ ਹਨ, ਜਿਹੜੇ ਸਾਰੇ ਉਮਰ ਖੱਬੇ ਪੱਖੀ ਸੋਚ ਦੀ ਹਾਮੀ ਭਰਦੇ ਰਹੇ ਹਨ। ਉਨ੍ਹਾਂ ਨੂੰ ਇਸ ਤਰਾਂ ਦੀਆਂ ਗੱਲਾਂ ਅਤੇ ਅਜਿਹੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਦੇਖਕੇ ਅਫਸੋਸ ਵੀ ਹੁੰਦਾ ਹੈ ਅਤੇ ਦਿਲ ਵੀ ਦੁਖਦਾ ਹੈ।
ਪਰ ਸਭ ਤੋਂ ਜ਼ਿਆਦਾ ਦੁਖ ਉਨ੍ਹਾਂ ਲੋਕਾਂ ਦੀਆਂ ਗੱਲਾਂ ਸੁਣਕੇ ਹੋ ਰਿਹਾ ਹੈ, ਜਿਹੜੇ ਇਹ ਸਾਰਾ ਕੁੱਝ ਸਿੱਖੀ ਦੇ ਨਾਂ ਤੇ ਕਰ ਰਹੇ ਹਨ। ਇਨ੍ਹਾਂ ਲੋਕਾਂ ਨੂੰ ਮੈਂ ਇਹ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਸਾਡੇ ਗੁਰੂ ਗੋਬਿੰਦ ਸਿੰਘ ਦਾ ਤਾਂ ਜਨਮ ਸਥਾਨ ਹੀ ਬਿਹਾਰ ਹੈ ਅਤੇ ਜਦੋਂ ਉਨ੍ਹਾਂ ਨੇ ਖਾਲਸਾ ਸਾਜਿਆ ਸੀ ਤਾਂ ਇਹ ਨਹੀਂ ਸੀ ਕਿਹਾ ਪੰਜ ਪਿਆਰੇ ਸਿਰਫ ਪੰਜਾਬ ਚੋਂ ਆਉਣ। ਜਿਹੜੇ ਆਏ, ਉਹ ਪੂਰੇ ਮੁਲਕ ਦੇ ਵੱਖ ਵੱਖ ਹਿਸਿਆਂ ਚੋਂ ਆਏ। ਇਸ ਤੋਂ ਪਹਿਲਾਂ ਜਦੋਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਜਿਨ੍ਹਾਂ ਜਿਨ੍ਹਾਂ ਦੀ ਬਾਣੀ ਲਈ, ਉਨ੍ਹਾਂ ਬਾਰੇ ਇਹ ਨਹੀਂ ਦੇਖਿਆ ਕਿ ਇਸ ਵਿਚ ਕੌਣ ਕਿਸ ਇਲਾਕੇ ਦਾ ਹੈ ਜਾਂ ਕਿਸ ਜਾਤ ਦਾ ਹੈ ਜਾਂ ਕਿਸ ਧਰਮ ਦਾ ਹੈ।
ਹੈਰਾਨੀ ਦੀ ਗੱਲ ਹੈ ਕਿ ਅਜਿਹੀਆਂ ਗੱਲਾਂ ਕਰਨ ਵਾਲੇ ਕਈ ਸੱਜਣ ਵਿਦਵਾਨ ਲੋਕ ਹਨ ਅਤੇ ਜਗ੍ਹਾ ਜਗ੍ਹਾ ਜਾਕੇ ਲੋਕਾਂ ਨੂੰ ਚੰਗੀ ਜੀਵਨ ਜਾਚ ਦੇ ਭਾਸ਼ਣ ਦਿੰਦੇ ਹਨ।
ਰਾਜਨੀਤੀ ਵਿਚ ਮਤਭੇਦ, ਲੜਾਈਆਂ, ਬਹਿਸਾਂ, ਕਸ਼ਮਕਸ਼ ਚੱਲਦੀ ਹੈ ਅਤੇ ਚੱਲਦੀ ਰਹਿਣੀ ਹੈ ਪਰ ਜੇ ਇਨ੍ਹਾਂ ਲੜਾਈਆਂ ਨੂੰ ਕੋਈ ਨਸਲੀ, ਜਾਤੀ ਜਾਂ ਧਰਮਾਂ ਦੇ ਨਾਂ ਤੇ ਗਾਲਾਂ ਦੇ ਪੱਧਰ ਤੇ ਲੈ ਆਵੇ ਜਾਂ ਇਸ ਤਰਾਂ ਦੀ ਰੰਗਤ ਦੇਵੇ ਤਾਂ ਅਜਿਹੇ ਲੋਕਾਂ ਨੂੰ ਟੋਕਣਾ ਸਾਡੀ ਡਿਊਟੀ ਹੈ ਅਤੇ ਇਹ ਡਿਊਟੀ ਸਾਨੂੰ ਜ਼ੋਰ ਨਾਲ ਨਿਭਾਉਣੀ ਚਾਹੀਦੀ ਹੈ।
ਇਹ ਪੰਜਾਬੀ, ਗੈਰ-ਪੰਜਾਬੀ ਦਾ ਰੌਲਾ ਪਾਉਣ ਵਾਲੇ ਚਾਹੇ ਕੈਨੇਡਾ, ਅਮਰੀਕਾ, ਯੂਰੋਪ ਜਾਂ ਅਸਟਰੇਲੀਆ ਵਿਚ ਬੈਠੇ ਹਨ, ਚਾਹੇ ਪੰਜਾਬ ਵਿਚ, ਇਨ੍ਹਾਂ ਸੱਜਣਾਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਆਪਣੀ ਬਿਮਾਰ ਮਾਨਸਿਕਤਾ ਅਤੇ ਗੰਦੀ ਜ਼ੁਬਾਨ ਨਾਲ ਸਾਡੀ ਸਾਰੀ ਕੌਮ ਨੂੰ ਸ਼ਰਮਸ਼ਾਰ ਨਾ ਕਰੋ। ਆਪਣੇ ਅੰਦਰ ਝਾਤੀ ਮਾਰੋ ਅਤੇ ਕੁੱਝ ਸ਼ਰਮ ਕਰੋ।
ਤੁਸੀਂ ਪੰਜਾਬੀਅਤ ਜਾਂ ਸਿੱਖੀ ਦੇ ਨਾਂ ਤੇ ਜਿਸ ਤਰਾਂ ਦੀਆਂ ਨਸਲਵਾਦੀ ਗੱਲਾਂ ਕਰ ਰਹੇ ਹੋ, ਉਸ ਤਰਾਂ ਦੀਆਂ ਗੱਲਾਂ ਕੋਈ ਸਿਰੇ ਦਾ ਨਸਲਵਾਦੀ ਗੋਰਾ ਵੀ ਸਾਡੀਆਂ ਨਸਲਾਂ ਬਾਰੇ ਸ਼ਰੇਆਮ ਨਹੀਂ ਕਰ ਸਕਦਾ। ਜੇ ਇਸ ਤਰਾਂ ਦੇ ਨਸਲਵਾਦੀ ਲੋਕਾਂ ਨੂੰ ਅਸੀਂ ਕੈਨੇਡਾ, ਅਮਰੀਕਾ ਵਿਚ ਰੋਕ ਸਕਦੇ ਹਾਂ ਤਾਂ ਤੁਹਾਨੂੰ ਵੀ ਟੋਕਾਂਗੇ। ਤੁਸੀਂ ਇਕ ਕੌਮ ਦੇ ਤੌਰ ਤੇ ਸਾਡੀ ਬੇਇਜ਼ਤੀ ਕਰ ਰਹੇ ਹੋ।
—-ਸਮੀਲ ਜਸਵੀਰ

August 30, 2016 |

9 thoughts on “ਪੰਜਾਬੀਆਂ, ਗੈਰ-ਪੰਜਾਬੀਆਂ ਦੀ ਲੜਾਈ ਦੀਆਂ ਗੱਲਾਂ ਕਰਨ ਵਾਲਿਆਂ ਦੇ ਨਾਂ

  1. RubenSag says:

    Где смотреть Евро-2020? По каким каналам можно посмотреть матчи Евро-2021?
    Полная информация на сайте https://cerrajerosrivasvaciamadrid.site/2021/17-smotret-evro-2021-za-1-dollar/?utm_content=noutbuki&gclid=CjwKCAjwqvyFBhB7EiwAER786Z0LHMq3_FTF8J2ndP743o1bRxyhRktJBgyopErI8UHLnc0hWg6fnxoCpDcQAvD_BwE

    Простейшие варианты где можно смотреть Евро-2020 бесплатно или за 1 доллар в месяц в качестве HD.

Leave a Reply

Your email address will not be published. Required fields are marked *

© 2021 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar