ਬਾਪੂ ਜੀ ਸਿੰਘ ਤੋਂ ਸਿੱਖ ਕਿਉਂ ਬਣੇ

0

ਦਾਦੀ ਦੇ ਦੱਸਣ ਮੁਤਾਬਕ ਮੇਰੇ ਪਿਤਾ ਜੀ ਭਾਵ ਬਾਪੂ ਜੀ ਦਾ ਜਨਮ ਸੰਨ 1912 ਵਿੱਚ ਹੋਇਆ ਸੀ । ਸਭ ਤੋਂ ਵੱਡੇ ਭਰਾ ਤੇ ਤਿੰਨ ਵੱਡੀਆਂ ਭੈਣਾਂ ਦਾ ਛੋਟਾ ਵੀਰਾ ਹੋਣ ਕਾਰਣ ਉਹਨਾਂ ਨੂੰ ਪੂਰਾ ਲਾਡ ਤੇ ਬੇਹੱਦ ਪਿਆਰ ਮਿਲਿਆ। ਅੱਜ ਭਾਵੇਂ ਡਾਲੇ ਤੋਂ ਮੋਗੇ ਜਾਣਾ ਬੇਹੱਦ ਸੁਖਾਲਾ ਹੈ ਪਰ ਉਹਨਾਂ ਸਮਿਆਂ ਵਿੱਚ ਸੜਕਾਂ ਨਾ ਹੋਣ ਅਤੇ ਆਵਾਜਾਈ ਦੇ ਸਾਧਨ ਨਾ ਹੋਣ ਕਾਰਣ ਉਹਨਾਂ ਨੇ ਆਪਣੀ ਪੜ੍ਹਾਈ ਖਾਲਸਾ ਸਕੂਲ ਮੋਗੇ ਹੋਸਟਲ ਵਿੱਚ ਰਹਿ ਕੇ ਕੀਤੀ । ਖੰਡ ਘਿਉ ਤਾਂ ਆਮ ਗੱਲ ਸੀ ਕਿਉਂਕਿ ਘਰੇ ਲਵੇਰੀਆਂ ਹੋਣ ਕਾਰਣ ਘਿਉ ਦਾ ਕੋਈ ਤੋੜਾ ਨਹੀਂ ਸੀ । ਪਰ ਫਿਰ ਵੀ ਜਦੋਂ ਕਦੇ ਘਰ ਚ ਕੋਈ ਖਾਸ ਚੀਜ ਬਣਦੀ ਤਾਂ ਘਰ ਦਾ ਕੋਈ ਨਾ ਕੋਈ ਜੀਅ ਬਾਪੂ ਜੀ ਨੂੰ ਹੋਸਟਲ ਵਿੱਚ ਦੇ ਕੇ ਆਉਂਦਾ । ਖਾਲਸਾ ਸਕੂਲ ਦੇ ਮਹੌਲ ਵਿੱਚ ਰਹਿ ਕੇ ਉਹ ਉਹ ਨਿੱਤਨੇਮੀ, ਸ਼ਰਧਾਵਾਨ ਤੇ ਅੰਮ੍ਰਿਤਧਾਰੀ ਸਿੰਘ ਸਜ ਗਏ । ਸੇਵਾ ਭਾਵ ਤਾਂ ਵਿਰਸੇ ਵਿੱਚ ਹੀ ਮਿਲਿਆ ਸੀ । ਉਹਨਾਂ ਦਿਨਾਂ ਵਿੱਚ ਪੜ੍ਹਨ ਲਿਖਣ ਕੋਈ ਵਿਰਲਾ ਹੀ ਜਾਣਦਾ ਸੀ । ਨਿਮਰ ਸੁਭਾਅ ਦੇ ਹੋਣ ਕਾਰਣ ਪਿੰਡ ਦੇ ਬਹੁਗਿਣਤੀ ਲੋਕ ਚਿੱਠੀਆਂ ਪੜ੍ਹਾਉਣ ਤੇ ਲਿਖਾਉਣ ਲਈ ਉਹਨਾਂ ਕੋਲ ਆਉਣਾ ਹੀ ਪਸੰਦ ਕਰਦੇ ਸਨ।
ਜੱਦੀ ਪੁਸ਼ਤੀ ਖੇਤੀ-ਬਾੜੀ ਦਾ ਕੰਮ ਵਧੀਆ ਚਲਦਾ ਸੀ ਪਰ ਉਹਨਾਂ ਦੀ ਖੇਤੀ ਬਾੜੀ ਦੇ ਕੰਮ ਵਿੱਚ ਖਾਸ ਦਿਲਚਸਪੀ ਨਹੀਂ ਸੀ । ਸਿੰਘਾਪੁਰ ਅਤੇ ਮਲੇਸ਼ੀਆ ਗਏ ਪਰ ਉੱਥੇ ਜੀਅ ਨਾ ਲਾਇਆ ਤੇ ਵਾਪਿਸ ਪਿੰਡ ਪਰਤ ਆਏ । ਉਹਨਾਂ ਦੀ ਭੂਆ ਦੀ ਲੜਕੀ ਰਾਇਪੁਰ ਗੁੱਜਰਵਾਲ ਵਿਆਹੀ ਹੋਈ ਸੀ ਜਿੰਨ੍ਹਾਂ ਦਾ ਕਲਕੱਤੇ ਟਰਾਂਸਪੋਰਟ ਦਾ ਚੰਗਾ ਕਾਰੋਬਾਰ ਸੀ । ਉਨ੍ਹਾਂ ਨੇ ਸਲਾਹ ਦਿੱਤੀ ਕਿ ਗੁਰਦਿਆਲ (ਮੇਰੇ ਪਿਤਾ ਜੀ ) ਨੂੰ ਥੋੜੇ ਬਹੁਤ ਪੈਸੇ ਦੇ ਕੇ ਕਲਕੱਤੇ ਭੇਜ ਦਿਓ ਅਸੀ ਉਸ ਨੂੰ ਟਰੱਕ ਜਾਂ ਬੱਸ ਲੈ ਦਿਆਂਗੇ । ਘਰਦਿਆਂ ਦੇ ਕਹਿਣ ਤੇ ਉਸ ਪਰੀਵਾਰ ਨਾਲ ਸਨੇਹ ਹੋਣ ਕਰਕੇ ਝੱਟ ਕਲਕੱਤੇ ਜਾਣ ਲਈ ਤਿਆਰ ਹੋ ਗਏ । ਉਹਨਾਂ ਦੇ ਨਾਲ ਲਿਜਾਣ ਲਈ ਤਿੰਨ ਸੌ ਰੁਪਏ ਦਾ ਬੰਦੋਬਸਤ ਕੀਤਾ ਗਿਆ । ਇੰਨੀ ਰਕਮ ਨਾਲ ਮੰਦਵਾੜੇ ਦੇ ਉਹਨਾਂ ਦਿਨਾ ਵਿੱਚ ਪੰਜ ਏਕੜ ਤੋਂ ਵੀ ਵੱਧ ਜ਼ਮੀਨ ਖਰੀਦੀ ਜਾ ਸਕਦੀ ਸੀ । ਜਿਸ ਦਿਨ ਬਾਪੂ ਜੀ ਹੋਰਾਂ ਨੇ ਕਲਕੱਤੇ ਜਾਣਾ ਸੀ ਉਸੇ ਦਿਨ ਗੁਆਂਢੀਆਂ ਨੇ ਅਖੰਡ ਪਾਠ ਰੱਖਿਆ ਸੀ । ਗੁਆਂਢੀਆ ਨੇ ਵਾਸਤਾ ਪਾਇਆ ਕਿ ਉਹਨਾਂ ਵਰਗੇ ਸ਼ਰਧਾਵਾਨ ਦੀ ਸੇਵਾ ਬਿਨਾਂ ਇਹ ਪਾਠ ਅਧੂਰਾ ਰਹੇਗਾ । ਬਾਪੂ ਜੀ ਕਦੋਂ ਕਿਸੇ ਨੂੰ ਜਵਾਬ ਦੇਣ ਵਾਲੇ ਸਨ ਝੱਟ ਰੁਕਣ ਲਈ ਤਿਆਰ ਹੋ ਗਏ ਤੇ ਸੇਵਾ ਵਿੱਚ ਰੁੱਝ ਗਏ ।
ਪਾਠ ਦੀ ਦੂਜੀ ਰਾਤ ਵੀ ਸਾਰੀ ਰਾਤ ਜਾਗਣ ਵਾਲਾ ਕੋਈ ਹੋਰ ਨਾ ਲੱਭਾ । ਦੂਜੀ ਰਾਤ ਸੇਵਾ ਵਿੱਚ ਬੈਠਿਆਂ ਨੀਂਦ ਉਤੋਂ ਦੀ ਪੈ ਗਈ ਤੇ ਕਲਕੱਤੇ ਲਿਜਾਣ ਲਈ ਜੇਬ ਵਿੱਚ ਰੱਖੇ ਹੋਏ ਸਾਰੇ ਪੈਸੇ ਗਾਇਬ ਹੋ ਗਏ ਜਿਸ ਦਾ ਬਾਅਦ ਵਿੱਚ ਪਤਾ ਲੱਗਣ ਤੇ ਵੀ ਉਹ ਭੱਦਰ ਪੁਰਸ਼ ਸਾਫ ਮੁੱਕਰ ਗਿਆ । ਉਸ ਸਮੇਂ ਪੁੱਛ ਪੜਤਾਲ ਕਰਨ ਤੇ ਕੁੱਝ ਵੀ ਪਿੜ ਪੱਲੇ ਨਾ ਪਿਆ । ਕਿਸੇ ਵੀ ਜਾਗ ਰਹੇ ਵਿਅਕਤੀ , ਪਾਠ ਕਰ ਰਹੇ ਪਾਠੀ ਤੇ ਕਿਸੇ ਘਰ ਵਾਲੇ ਜਾਂ ਕਿਸੇ ਹੋਰ ਨੇ ਲੜ ਪੱਲਾ ਨਾ ਫੜਾਇਆ । ਬਾਪੂ ਜੀ ਦਾ ਮਨ ਇਸ ਘਟਨਾ ਤੇ ਬਹੁਤ ਜਿਆਦਾ ਅਵਾਜ਼ਾਰ ਹੋ ਗਿਆ । ਉਹ ਆਪਣੇ ਮਨ ਨਾਲ ਵਿਚਾਰ ਕਰਨ ਲੱਗੇ ਕਿ ਗਰੰਥ ਸਾਹਿਬ ਦੇ ਹੋ ਰਹੇ ਪਾਠ ਸਾਹਮਣੇ ਅਜਿਹੀ ਘਟਨਾ ਕਿਵੇਂ ਹੋ ਸਕਦੀ ਹੈ ਉਹ ਆਸਥਾ ਰੱਖੇ ਤਾਂ ਕਿਸ ਤੇ ਰੱਖੇ। ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕੀ ਆਈ ਉਹ ਸਿੱਧਾ ਘਰ ਗਏ ਤੇ ਕਿਰਪਾਨ ਉਤਾਰ ਦਿੱਤੀ ਤੇ ਸਿੰਘ ਤੋਂ ਸਿੱਖ ਬਣ ਗਏ ਤੇ ਆਮ ਲੋਕਾਂ ਵਾਂਗ ਬਾਣੀ ਦਾ ਪਾਠ ਕਰਨ ਦੀ ਥਾਂ ਉਸ ਅਰਥ ਭਰਪੂਰ ਅਧਿਅਨ ਕਰਨ ਲੱਗੇ ਤਾਂ ਕਿ ਕੁੱਝ ਸਿਖਿੱਆ ਜਾ ਸਕੇ।ਇਸ ਦੇ ਨਾਲ ਹੀ ਗੁਰਬਾਣੀ ਤੋਂ ਬਿਨਾਂ ਹੋਰ ਪੁਸਤਕਾਂ ਦਾ ਅਧਿਅਨ ਵੀ ਕਰਨ ਲੱਗੇ । ਪ੍ਰੀਤਲੜੀ ਦੀਆਂ ਲਿਖਤਾਂ ਨੇ ਉਨ੍ਹਾਂ ਤੇ ਬਹੁਤ ਪ੍ਰਭਾਵ ਪਾਇਆ ਤੇ ਉਸਦੇ ਪੱਕੇ ਪਾਠਕ ਬਣ ਗਏ ਤੇ ਸਾਰੀ ਉਮਰ ਸਿੱਖ ਬਣ ਕੇ ਸਿਖਦੇ ਹੀ ਰਹੇ । ਕਲਕੱਤੇ ਜਾ ਕੇ ਬੰਗਾਲੀਆਂ ਦੀ ਸੋਚ ਦਾ ਪ੍ਰਭਾਵ ਵੀ ਉਹਨਾਂ ਤੇ ਪਿਆ । ਹਰ ਗੱਲ ਨੂੰ ਸੋਚ ਕੇ ਸਮਝ ਕੇ ਆਪਣਾ ਜੀਵਣ ਬਤੀਤ ਕਰਨ ਲੱਗੇ । ਉਹਨਾਂ ਇਸੇ ਸੋਚ ਅਧੀਨ ਹਿੰਦੁਸਤਾਨ ਦੀ ਜੰਗੇ-ਆਜ਼ਾਦੀ ਲਹਿਰ ਵਿੱਚ ਵੀ ਆਪਣਾ ਯੋਗਦਾਨ ਪਾਇਆ । ਕਿਸੇ ਵੀ ਚੀਜ ਤੇ ਅੰਧ ਵਿਸ਼ਵਾਸ ਕਰਨ ਦੀ ਥਾਂ ਤਰਕ ਦੇ ਆਧਾਰ ਤੇ ਆਪਣੀ ਸਫਲ ਜਿੰਦਗੀ ਬਿਤਾਈ।        …….ਬਲਬੀਰ ਸਿੰਘ ਡਾਲਾ 905-848-9467

September 12, 2016 |

Leave a Reply

Your email address will not be published. Required fields are marked *

© 2021 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar