ਲੰਡੀ ਪੂਛ ਵਾਲ਼ੀ ਸੱਭਿਅਤਾ ਦੇ ਵਾਰਿਸ ਹਾਂ ਅਸੀਂ…

5

ਦੋਸਤੋ ਸਮੇਂ ਸਮੇਂ ਦੀਆਂ ਗੱਲਾਂ ਹੁੰਦੀਆਂ ਨੇ….
ਜਮਾਨੇ ਮੁਤਾਬਕ ਬਹੁਤ ਕੁੱਝ ਪੁਰਾਣਾ ਟੁੱਟਦਾ ਹੈ ਅਤੇ ਨਵਾਂ ਜੁੜਦਾ ਹੈ। ਜਿਵੇਂ ਜਿਵੇਂ ਹਾਲਾਤ ਬਦਲਦੇ ਹਨ ਤਿਵੇਂ ਤਿਵੇਂ ਭਾਸ਼ਾ, ਸੱਭਿਆਚਾਰ, ਰਸਮ-ਰਵਾਇਤ, ਕਦਰਾਂ ਕੀਮਤਾਂ ਆਦਿ ਸਾਰਾ ਕੁੱਝ ਬਦਲਦਾ ਹੈ। ਜਦੋਂ ਖ਼ੇਤੀ ਖਸਮਾਂ ਸੇਤੀ ਹੁੰਦੀ ਸੀ, ਉਸ ਵਕਤ ਕਿਸੇ ਘਰ ‘ਚ ਇਕ ਮੁੰਡਾ ਹੋਣਾ ਸਰਾਪ ਮੰਨਿਆਂ ਜਾਂਦਾ ਸੀ ਤੇ ਕਿਹਾ ਜਾਂਦਾ ਸੀ :
‘ਕੱਲੀ ਹੋਵੇ ਨਾ ਵਣਾਂ ਦੇ ਵਿਚ ਟਾਹਲੀ, ‘ਕੱਲਾ ਨਾ ਹੋਵੇ ਪੁੱਤ ਜੱਟ ਦਾ
ਤੇ ਇਹ ਦੁਆਵਾਂ ਕੀਤੀਆਂ ਜਾਂਦੀਆਂ ਸਨ:
ਦੇਈਂ ਦੇਈਂ ਵੇ ਬਾਬਲਾ ਉਸ ਘਰੇਂ, ਜਿੱਥੇ ਸੱਸ ਦੇ ਬਾਹਲੜੇ ਪੁੱਤ
ਇਕ ਮੰੰਗਾਂ ਇਕ ਵਿਆਹਵਾਂ, ਵੇ ਮੈਂ ਸ਼ਾਦੀਆਂ ਵੇਖਾਂਗੀ ਨਿੱਤ
ਬਾਬਲ ਤੇਰਾ ਪੁੰਨ ਹੋਵੇ..
ਪਰ ਬਦਲੇ ਹੋਏ ਦੌਰ ਵਿਚ ਸਥਿਤੀਆਂ ਬਿਲਕੁੱਲ ਉਲਟ ਰੂਪ ਵਿਚ ਵਿਕਸਿਤ ਹੋ ਰਹੀਆਂ ਹਨ। ਅੱਜ ਕੱਲ੍ਹ ਉਸ ਘਰ ਰਿਸ਼ਤਾ ਹੀ ਨਹੀਂ ਕੀਤਾ ਜਾਂਦਾ ਜਿੱਥੇ ਇਕ ਇਕ ਤੋਂ ਵੱਧ ਮੁੰਡੇ ਹਨ। “ਅਕੇ ਭਾਈ ਮੁੰਡਾ ਕੱਲਾ-ਕੱਲਾ ਹੋਵੇ, ਨਹੀਂ ਤਾਂ ਕੁੜੀ ਸਾਰੀ ਉਮਰ ਸਾਰੇ ਟੱਬਰ ਦਾ ਲੰਗਰ ਥੱਪਦੀ ਮਰ ਜੂਗੀ…” ਨਫਰਤ ਨਾਲ ਕਿਹਾ ਜਾਂਦਾ ਹੈ:
ਮਾਲਗੱਡੀ ਤੋਂ ਲੰਮੀ ਲਾਇਨ ਜੁਆਕਾਂ ਦੀ….
ਜੰਮ ਕੇ ਧਰ ਲੇ ਦਰਜਣ ਨਿਆਣੇ….
ਚੱਲੋ ਇਹ ਤਾਂ ਖੈਰ ਬਦਲੀ ਹੋਈ ਆਰਥਿਕਤਾ ਨਾਲ ਸਬੰੰਧਤ ਤਬਦੀਲੀਆਂ ਹਨ ਪਰੰਤੂ ਸਮਾਜਿਕ ਵਿਗਾੜਾਂ-ਸੁਧਾਰਾਂ, ਸਿਸ਼ਟਾਚਾਰ-ਭ੍ਰਿਸ਼ਟਾਚਾਰ ਅਤੇ ਇਖਲਾਕੀਆਂ-ਬਦਇਖਲਾਕੀਆਂ ਆਦਿ ਵਿੱਚੋਂ ਵੀ ਤਬਦੀਲੀਆਂ ਵਾਪਰਦੀਆਂ ਹਨ। ਚੁਟਕਲੇ ਵਰਗੀ ਗੱਲ ਸਾਂਝੀ ਕਰਦਾ ਹਾਂ:
ਇਕ ਬੰਦਾ ਆਪਣੇ ਪੁੱਤ ਨੂੰ ਸਮਝਾ ਰਿਹਾ ਸੀ, “ਬੇਟਾ ਬੈਠਣ-ਉੱਠਣ ਵਾਲੀ ਥਾਂ ਸਾਫ ਰੱਖਿਆ ਕਰੋ। ਕੁੱਤਾ ਵੀ ਆਪਣੀ ਜਗ੍ਹਾ ਤੇ ਪੂਛ ਮਾਰ ਕੇ ਬੈਠਦਾ ਹੈ।” ਨਵੇਂ ਜਮਾਨੇ ਦਾ ਪੁੱਤ ਜੁਆਬ ਦਿੰਦਾ ਹੈ ,” ਡੈਡੀ ਓਲਡ ਜਮਾਨੇ ਦੀਆਂ ਐਗਜ਼ਾਮਪਲਾਂ ਨਾ ਦਿਆ ਕਰੋ.. ਅੱਜ ਕੱਲ੍ਹ ਤਾਂ ਬਿਨਾ ਪੂਛਾਂ ਵਾਲੇ ਕੁੱਤੇ ਰੱਖਣ ਦਾ ਰਿਵਾਜ਼ ਐ.. ਇਸ ਲਈ ਬਾਕੀ ਦੀਆਂ ਗੱਲਾਂ ਛੱਡੋ, ਦਿਲ ਸਾਫ ਹੋਣਾ ਚਾਹੀਦਾ.. ਅੱਜ ਕੱਲ੍ਹ ਮੁੰਡੇ ਕੁੜੀਆਂ ਨੂੰ ਸਭ ਮਾਫ ਹੋਣਾ ਚਾਹੀਦਾ…” ਦੱਸੋ ਹੁਣ ਚਿੜੀ ਵਿਚਾਰੀ ਕੀ ਕਰੇ…
ਅਸਲ ਵਿਚ ਅਸੀਂ ਲੰਡੀ ਪੂੰਛ ਜਾਂ ਬਿਨਾ ਪੂੰਛ ਵਾਲੀ ਸੱਭਿਅਤਾ ਦੇ ਵਾਰਿਸ ਹਾਂ ਜਿਸ ਵਿਚ ਹਰ ਚੀਜ਼ ਸਿਮਟ ਰਹੀ ਹੈ ਅਤੇ ਸੁੰਘੜ ਰਹੀ ਹੈ। ਵਿਅਕਤੀਆਂ ਅਤੇ ਚੀਜ਼ਾਂ ਦੇ ਨਾਂ ਸੁੰਘੜ ਰਹੇ ਹਨ। ਅਸੀਂ ਐਬਰੀਵੇਸ਼ਨਾਂ ‘ਚ ਗੱਲ ਕਰ ਰਹੇ ਹਾਂ। ਸੁਰਿੰਦਰ ਕੁਮਾਰ ਮਿੱਤਲ ਸੁੰਘੜ ਕੇ ਐਸ ਕੇ ਮਿੱਤਲ ਬਣ ਗਿਆ ਹੈ। ਕੱਲ੍ਹ ਨੂੰ ਜੇ ਗੁਰੂਨਾਨਕ ਦੇਵ ਜੀ ਸਾਡੇ ਲਈ ਜੀ ਐਨ ਡੀ ਜੀ ਬਣ ਜਾਣ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ। ਨਾਵਾਂ ਦੇ ਸੁੰਘੜਨ ਨਾਲ ਇਹਨਾਂ ਨਾਲੋ ਇਹਨਾਂ ਦੇ ਅਰਥ ਤੇ ਸੰਕਲਪ ਟੁੱਟ ਰਹੇ ਹਨ। ਰਣਜੀਤ ਸਿੰਘ ਦਾ ਸ਼ਬਦੀ ਅਰਥ ਅਤੇ ਸੰਕਲਪ ਸਾਡੇ ਲਈ ਬਹੁਤ ਵੱਡੇ ਅਰਥ ਰੱਖਦਾ ਹੈ ਪਰ ਜੇਕਰ ਇਸ ਨੂੰ ਆਰ ਐਸ ਬਣਾ ਲਿਆ ਜਾਵੇ ਤਾਂ ਇਹ ਮਹਿਜ਼ ਨਿਰਰਥਕ ਧੁਨੀਆਂ ਰਹਿ ਜਾਣਗੀਆਂ। ਰਿਸ਼ਤੇ ਸੁੰਘੜ ਰਹੇ ਹਨ। ਹਰ ਰਿਸ਼ਤੇ ਦੀ ਬੁਨਿਆਦ ਸੁਆਰਥ ਬਣ ਗਿਆ ਹੈ। ਚਾਚੇ-ਤਾਏ, ਮਾਮੇ-ਫੁੱਫੜ ਸਿਮਟ ਕੇ ਅੰਕਲ ਤੱਕ ਆ ਗਏ ਹਨ ਅਤੇ ਨੈਟਵਰਕ ਦੀ ਦੁਨੀਆ ਵਿਚ ਮਾਂ-ਬਾਪ. ਭੈਣ ਭਰਾ ਆਦਿ ਹਰ ਰਿਸ਼ਤਾ ‘ਫਰੈਂਡ’ ਬਣ ਗਿਆ ਹੈ ਜਿਸ ਨੂੰ ਕਿਸੇ ਵੇਲੇ ਵੀ ਅਨਫਰੈਂਡ ਕੀਤਾ ਜਾ ਸਕਦਾ ਹੈ। ਵਸਤੂਆਂ ਦਾ ਵਿਸਥਾਰ ਹੋਇਆ ਹੈ ਪਰ ਜਜ਼ਬਾਤ ਅਤੇ ਸੰਵੇਦਨਾ ਸੁੰਘੜੀ ਹੈ। ਮੋਹ-ਪਿਆਰ, ਭਾਈਚਾਰਾ, ਸਭ ਕੁੱਝ ਹਾਸ਼ੀਏ ਤੇ ਗਿਆ ਹੈ, ਉਂਝ ਅਸੀਂ ਗਲੋਬਲ ਜ਼ਰੂਰ ਹੋ ਗਏ ਹਾਂ। ਪਤਾ ਸਾਨੂੰ ਹਰ ਇਕ ਚੀਜ਼ ਦਾ ‘ਲਾਈਵ’ ਲੱਗ ਜਾਂਦਾ ਹੈ ਪਰ ਅਸੀਂ ਜਾਣਦੇ ਹੋਏ ਵੀ ਅਣਜਾਣ ਬਣਨ ਦਾ ਮੀਸਣਾ ਢੰਗ ਸਿੱਖ ਲਿਆ ਹੈ। ਭੌਤਿਕ ਤਰੱਕੀ ਦਾ ਗ੍ਰਾਫ ਉੱਪਰ ਨੂੰ ਹੈ, ਮਾਨਸਿਕ ਸੰਤੁਸਟੀ ਦਾ ਗ੍ਰਾਫ ਲਗਤਾਰ ਥੱਲੇ ਨੂੰ ਗਿਆ ਹੈ। ਸਿੱਕਿਆਂ ਦੀ ਕੀਮਤ ਨਾਲੋਂ ਇਨਸਾਨ ਦੀ ਕੀਮਤ ਵਧੇਰੇ ਸੁੰਘੜ ਰਹੀ ਹੈ।
ਕੋਈ ਸਮਾਂ ਹੁੰਦਾ ਸੀ ਜਦੋਂ ਮਿਡਲ ਕਲਾਸ ਨਾਲ ਸਬੰਧਤ ਲੋਕ ਜੇ ਇਕ ਦੂਜੇ ਨੂੰ ਅੱਪਸ਼ਬਦ ਬੋਲ ਦਿੰਦੇ ਸੀ ਤਾਂ ਕਿਹਾ ਜਾਂਦਾ ਸੀ , “ਪਾਰਲੀਮੈਂਟਰੀ ਲੈਂਗੂਏਜ਼ ਵਰਤੋ ਜੀ..” ਪਰੰਤੂ ਹੁਣ ਜੇ ਕੋਈ ਭੁੱਲ ਭੁਲੇਖੇ ਇਹੋ ਜਿਹੀ ਸਲਾਹ ਦੇ ਦੇਵੇ ਅਤੇ ਬਦਕਿਸਮਤੀ ਨਾਲ ਅੱਗਲਾ ਮੰਨ ਵੀ ਲਏ ਤਾਂ ਬਸ ਖੈਰ ਨ੍ਹੀਂ ਫਿਰ..ਜੋ ਮੂੰਹ ‘ਚ ਆਇਆ, ਬਕ ਦੇਣਾ ਹੈ ਅਤੇ ਜੋ ਹੱਥ ‘ਚ ਆਇਆ ਵਗਾਹ ਦੇਣਾ ਹੈ। ਇਹ ਸਿਹਰਾ ਵੀ ਸਾਡੇ ਸਮਿਆਂ ਨੂੰ ਹੀ ਮਿਲਣਾ ਸੀ.. ਫੈਸਲਾ ਕਰਨਾ ਔਖਾ ਹੈ ਕਿ ਅਸੀਂ ਸਭਿਅੱਕ ਹੋ ਰਹੇ ਹਾਂ ਕਿ ਅੱਸਭਿਅਕ..???
ਇਕ ਗੱਲ ਬਹਾਨੇਬਾਜ਼ਾਂ ਬਾਰੇ ਪੁਰਾਣੇ ਲੋਕ ਸੁਣਾਉਂਦੇ ਹੁੰਦੇ ਸੀ ਕਿ ਇਕ ਪਿਆਕੜ ਪਤੀ (ਜਿਸ ਨੂੰ ਤੋੜ ਲੱਗੀ ਹੋਈ ਹੈ ਅਤੇ ਆਪਣੀ ਪਤਨੀ ਤੋਂ ਪਾਣੀ ਦੀ ਮੰਗ ਕਰ ਰਿਹਾ ਹੈ) ਤੇ ਬਹਾਨੇਬਾਜ਼ ਪਤਨੀ ਦੀ ਗੱਲਬਾਤ…
ਪਤੀ : ਭਾਗਵਾਨੇ ਪਾਣੀ ਕਿੱਥੇ ਐ?
ਪਤਨੀ : ਘੜੇ ‘ਚ ਐ
ਪਤੀ : ਫੇਰ ਘੜਾ ਕਿੱਥੇ ਐ?
ਪਤਨੀ : ਘੜਾ ਆਪਣੇ ਘਰ ਐ.. ਹੋਰ ਗਵਾਂਢੀਆਂ ਦੇ ਐ..
ਪਤੀ : ਆਪਣਾ ਘਰ ਕਿੱਥੇ ਐ ਫਿਰ ਇਹ ਦੱਸਦੇ?
ਪਤਨੀ : ਆਪਣਾ ਘਰ ਚੰਦ ਤੇ ਥੋੜਾ ਈ ਐ, ਇਸ ਧਰਤੀ ਤੇ ਈ ਐ ਮੂਰਖਾ
ਪਤੀ : ਚਲ ਫਿਰ ਇਹ ਦੱਸ ਕਿ ਧਰਤੀ ਕਿੱਥੇ ਐ??
ਪਤਨੀ : ਤੂੰ ਵੀ ਸਿੱਧਰਾ ਈ ਐ ਬਿਲਕੁੱਲ.. ਧਰਤੀ ਨੇ ਕਿੱਥੇ ਹੋਣਾ, ਧਰਤੀ ਤਾਂ ਵਿਚਾਰੀ ਪਾਣੀ ‘ਚ ਈ ਐ..
ਪਤੀ : ਫਿਰ ਪਾਣੀ ਕਿੱਥੇ ਐ..
ਪਤਨੀ : ਭੁੱਲ ਵੀ ਗਿਆ?? ਦੱਸਿਆ ਤਾਂ ਸੀ.. ਬਈ ਪਾਣੀ ਘੜੇ ‘ਚ ਐ…
ਕਹਿਣ ਦਾ ਭਾਵ ਇਹ ਹੈ ਕਿ ਗੱਲ ਜਿੱਥੋਂ ਤੁਰੀ ਸੀ, ਉੱਥੇ ਆਕੇ ਈ ਮੁਕ ਗਈ। ਪਹਿਰਾਵੇ ਦੇ ਮਾਮਲੇ ‘ਚ ਵੀ ਇੰੰਝ ਹੀ ਵਾਪਰ ਰਿਹਾ ਹੈ। ਆਦਿ ਮਾਨਵ ਨੰਗਾ ਸੀ, ਫੇਰ ਪੱਤੇ ਪਹਿਨਣ ਲੱਗ ਪਿਆ, ਫੇਰ ਕਦੇ ਖੱਦਰ ਨਾਲ ਤੇ ਕਦੇ ਰੇਸ਼ਮ ਨਾਲ ਹਰ ਅੰਗ ਲਕੋ ਕੇ ਰੱਖਣ ਲੱਗ ਪਿਆ। ਫੇਰ ਪਤਾ ਨਹੀਂ ਕੀ ਹੋਇਆ ਕੱਪੜੇ ਘਟਾਉਣ ਦਾ ਰਿਵਾਜ਼ ਆ ਗਿਆ ਤੇ ਹੁਣ ਅਸੀਂ ਫੇਰ ਨੰਗੇ ਹੋਣ ਵੱਲ ਤੁਰ ਪਏ ਹਾਂ.. ਜੰਗਲ ਤੋਂ ਜੰਗਲ ਵੱਲ..। ਸਾਡੀਆਂ ਫਿਲਮਾਂ, ਟਪੂਸੀ ਮਾਰਕਾ ਗਾਇਕਾਂ ਦੀਆਂ ਸਟੇਜਾਂ, ਤੇ ਵਿਆਹਾਂ ਦੀਆਂ ਆਰਕੈਸਟਰਾਂ ਪਾਰਟੀਆਂ ਵਿਚ ਇੰਝ ਹੀ ਵਾਪਰ ਰਿਹਾ ਹੈ। ਸਭ ਕੁੱਝ ਪੈਸੇ ਦੇ ਭੁੱਖੇ ਦਲਾਲਾਂ ਦੇ ਹੱਥ ਆ ਗਿਆ ਹੈ। ਅਜਿਹੇ ਦਲਾਲ ਕੋਲ ਕੋਈ ਆਦਮੀ ਆਰਕੈਸਟਰਾ ਪਾਰਟੀ ਦੀ ਬੁਕਿੰਗ ਕਰਾਉਣ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਭਾਈ ਰੇਟ ਕੁੱਝ ਜ਼ਿਆਦਾ ਹੈ, ਥੋੜਾ ਘੱਟ ਕਰ ਲਉ। ਉਸ ਦਾ ਜੁਆਬ ਹੁੰਦਾ ਹੈ , “ ਸੌਰੀ ਰੇਟ ਤਾਂ ਘੱਟ ਨਹੀਂ ਹੋ ਸਕਦਾ, ਕਪੜੇ ਜ਼ਰੂਰ ਹੋਰ ਘੱਟ ਹੋ ਸਕਦੇ ਹਨ..” ਇਹ ਹੈ ਸਾਡੀ ਐਡਵਾਂਸਮੈਂਟ..
ਤਬਦੀਲੀਆਂ ਦੇ ਦੌਰ ਵਿਚ ਰੁਜ਼ਗਾਰ ਵੀ ਪ੍ਰਭਾਵਿਤ ਹੋ ਰਹੇ ਹਨ ਅਤੇ ਸੁਹਜ਼ ਸੁਆਦ ਵੀ। ਪਹਿਲਾਂ ਇਹ ਕਿਹਾ ਜਾਂਦਾ ਸੀ :
ਜੱਟੀ ਪੰਦਰਾਂ ਮੁਰੱਬਿਆਂ ਵਾਲੀ, ਭੱਤਾ ਲੈ ਕੇ ਖ਼ੇਤ ਨੂੰ ਚੱਲੀ
ਪਰੰਤੂ ਹਾਲਾਤ ਦੀ ਸਿਤਮਜ਼ਰੀਫ਼ੀ ਦੇਖੇ, ਮੁਰੱਬੇ ਘਟਦੇ ਘਟਦੇ ਇੰਚਾਂ ਦੇ ਹਿਸਾਬ ਨਾਲ ਵਿਕ ਗਏ। ਭੱਤੇ ਟਿਫਨਾਂ ਵਿਚ ਬਦਲ ਗਏ ਤੇ ‘ਜੱਟੀਆਂ’ ਪੇਟ ਦਾ ਜੁਗਾੜ ਕਰਨ ਲਈ ਸਿਫਟਾਂ ਵਿਚ ਨੌਕਰੀਆਂ ਕਰਨ ਲੱਗ ਗਈਆਂ ਤੇ ‘ਜੱਟ’ ਰੈਸਟੋਰੈਂਟਾਂ ਦੇ ਫਾਸਟ ਫੂਡ ਖਾਕੇ ਲਿਟਣ ਲੱਗ ਗਏ ਤੇ ਗੀਤ ਇਹ ਬਣ ਗਏ :
ਜੱਟੀ ਰੋਟੀ ਦੇ ਜੁਗਾੜ ਵਿਚ ਕੱਲੀ, ਟਿਫਨ ਚੁੱਕ ਜੌਬ ਤੇ ਚੱਲੀ..
ਸੋ ਦੋਸਤੋ.. ਕੰਮ-ਕਾਰ, ਰੁਜਗਾਰ-ਵਪਾਰ, ਹਾਸੇ ਠੱਠੇ, ਸੁਹਜ਼-ਸਲੀਕੇ ਸਭ ਕੁੱਝ ਬਦਲ ਗਿਆ। ਪ੍ਰਿਸੀਪਲ ਤੇਜਾ ਸਿੰਘ ਨੇ ਬਹੁਤ ਪਹਿਲਾਂ ਕਿਹਾ ਸੀ ਕਿ ਅੱਜ ਕੱਲ੍ਹ ਦੇ ਜਮਾਨੇ ਵਿਚ ਉੱਚੀ ਉਚੀ, ਪੂਰਾ ਖੁੱਲ੍ਹ ਕੇ ਹੱਸਣਾ ਅਤੇ ਕੂਕਣਾ ਅਸੱਭਿਅਕ ਹੋਣ ਦੀ ਨਿਸ਼ਾਨੀ ਬਣ ਗਿਆ ਤੇ ਲੋਕ ਸਿਰਫ ਬੁਲ੍ਹਾਂ ‘ਚ ਮੁਸਕਰਾਉਣ ਨੂੰ ਹੀ ਸਟੈਂਡਰਡ ਸਮਝਣ ਲੱਗ ਪਏ। ਹੁਣ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਕਿਸੇ ਨਾਲ ਨਾ ਤਾਂ ਮੁਸਕਰਾਉਣ ਦਾ ਸਮਾਂ ਹੈ ਅਤੇ ਨਾ ਹੀ ਜਾਚ.. ਕਿਸੇ ਸ਼ਾਇਰ ਨੇ ਖ਼ੂਬਸੂਰਤ ਕਿਹਾ ਹੈ :
ਕੋਈ ਹਾਥ ਭੀ ਨਾ ਮਿਲਾਏਗਾ, ਜੋ ਗਲੇ ਮਿਲੋਗੇ ਤਪਾਕ ਸੇ
ਯੇ ਨਏ ਮਿਜ਼ਾਜ ਕਾ ਸ਼ਹਿਰ ਹੈ, ਬਸ ਹਾਥ ਹਿਲਾਤੇ ਰਹੀਏ..
ਜਿਵੇਂ ਜਿਵੇਂ ਮਨ ਦੀ ਅਮੀਰੀ ਖ਼ਤਮ ਹੋ ਰਹੀ ਹੈ, ਤਿਵੇਂ ਤਿਵੇਂ ਵਿਚਾਰਾਂ ਨੂੰ ਲਕਵਾ ਮਾਰ ਰਿਹਾ ਹੈ ਅਤੇ ਭਾਸ਼ਾ ਦੀ ਅਮੀਰੀ ਨੂੰ ਵੀ ਖੋਰਾ ਲੱਗ ਰਿਹਾ ਹੈ।ਪੁਰਾਣੇ ਮੁਹਾਵਰੇ, ਸੰਦਰਭ, ਲੋਕ ਤੱਥ ਖ਼ਤਮ ਹੋ ਰਹੇ ਹਨ, ਨਵੇਂ ਸਿਰਜੇ ਨਹੀਂ ਜਾ ਰਹੇ। ਮਨਾਂ ਵਿਚ ਜ਼ਹਿਰਾਂ ਹਨ ਤਾਂ ਭਾਸ਼ਾਵਾਂ ਵਿਚ ਸਲੀਕਾ ਕਿੱਥੋਂ ਆਵੇਗਾ? ਇਸੇ ਸਥਿਤੀ ਤੇ ਵਿਅੰਗ ਕਰਦੇ ਹੋਏ ਕਿਹਾ ਗਿਆ ਹੈ :
ਸਾਂਪੋ ਕੋ ਕੈਦ ਕਰ ਲੀਆ, ਸਪੇਰੋ ਨੇ ਯੇ ਕਹਿ ਕਰ
ਕਿ ਆਦਮੀ ਕੋ ਡਸਨੇ ਕੇ ਲੀਏ ਆਦਮੀ ਹੀ ਕਾਫੀ ਹੈ..
ਜੇਕਰ ਮਨ ਸਾਫ ਹੋਣਗੇ, ਸੰਵੇਦਨਾ ਅਤੇ ਅਹਿਸਾਸ ਜਿਊਂਦੇ ਰਹਿਣਗੇ। ਜੇਕਰ ਸੰਵੇਦਨਾ ਅਤੇ ਅਹਿਸਾਸ ਜਿਉਂਦੇ ਰਹਿਣਗੇ ਤਾਂ ਮਨ ਦੇ ਧਰਾਤਲਾਂ ‘ਚੋਂ ਭਾਸ਼ਾ ਦੀ ਅਮੀਰੀ ਪੈਦਾ ਹੋਵੇਗੀ। ਇਹੀ ਇੱਕੋ ਰਿਕ ਰਾਹ ਹੈ ਜ਼ਿੰਦਗੀ ਜਿਉਣ ਦਾ ਨਹੀ ਤਾਂ ਮੁਰਦੇਹਾਣੀ ਹੀ ਸਾਡੇ ਸਮਿਆਂ ਦਾ ਸੱਚ ਹੋ ਨਿੱਬੜੇਗੀ ਅਤੇ ਲੰਡੀ ਪੂਛ ਵਾਲੀ ਸੱਭਿਅਤਾ ਦੇ ਵਾਰਿਸ ਅਸੀਂ ਸੁੰਗੜੇ ਹੋਏ ਜਜ਼ਬਾਤਾਂ ਦੀ ਬਾਂਝ ਧਰਤੀ ‘ਚ ਕੀ ਬੀਜਾਂਗੇ ਤੇ ਕੀ ਵੱਢਾਂਗੇ, ਇਹ ਸਾਡੇ ਸਾਰਿਆਂ ਲਈ ਗੰਭੀਰ ਚੁਣੌਤੀ ਹੈ।
……………………………. ਕੁਲਦੀਪ ਸਿੰਘ ਦੀਪ (ਡਾ)

July 22, 2016 |

5 thoughts on “ਲੰਡੀ ਪੂਛ ਵਾਲ਼ੀ ਸੱਭਿਅਤਾ ਦੇ ਵਾਰਿਸ ਹਾਂ ਅਸੀਂ…

Leave a Reply

Your email address will not be published. Required fields are marked *

© 2021 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar