ਸਵਾ ਰੁਪਏ ਦਾ ਪ੍ਰਸ਼ਾਦ

0

ਮੇਰੇ ਪਿੰਡ ਉੜਾਪੜ ਵਿਚ ਪ੍ਰਾਇਮਰੀ ਸਕੂਲ ਸੀ ਅਤੇ ਨਾਲ ਲਗਦੇ ਪਿੰਡ ਚੱਕਦਾਨੇ ਵਿਚ ਹਾਈ ਸਕੂਲ ਹੁੰਦਾ ਸੀ। ਚੱਕਦਾਨੇ ਦੇ ਬੱਚੇ ਪੰਜਵੀਂ ਤੱਕ ਉੜਾਪੜ ਦੇ ਪ੍ਰਾਇਮਰੀ ਸਕੂਲ ’ਚ ਪੜ੍ਹਨ ਲਈ ਆਉਂਦੇ ਅਤੇ ਉੜਾਪੜ ਦੇ ਬੱਚੇ ਦਸਵੀਂ ਕਰਨ ਲਈ ਚੱਕਦਾਨੇ ਦੇ ਹਾਈ ਸਕੂਲ ਵਿਚ ਦਾਖਲਾ ਲੈਂਦੇ ਸਨ। ਦੋਹਾਂ ਸਕੂਲਾਂ ਦੇ ਬੱਚਿਆਂ ਨੂੰ ਪੰਜਵੀਂ, ਅੱਠਵੀਂ ਅਤੇ ਦਸਵੀਂ ਦਾ ਇਮਤਿਹਾਨ ਦੇਣ ਲਈ ਸੱਤ ਕਿਲੋਮੀਟਰ ਤੁਰ ਕੇ ਪਿੰਡ ਮੀਲਪੁਰ ਲੰਮੇ ਜਾਣਾ ਪੈਂਦਾ ਸੀ।

ਪੱਕੀ ਕਲਾਸ (ਹੁਣ ਅਪਰ ਕੇ.ਜੀ) ਵਿਚ ਨਾਂ ਲਿਖਵਾਉਣ ਤੋਂ ਪਹਿਲਾਂ ਮੈਂ ਕੱਚੀ ਕਲਾਸ (ਲੋਅਰ ਕੇ.ਜੀ) ਕਰਨ ਲਈ ਕਈ ਮਹੀਨੇ ਝੋਲੇ ਵਿਚ ਪੈਂਤੀ ਅੱਖਰੀ ਦਾ ਕੈਦਾ ਪਾ ਕੇ ਸਕੂਲ ਜਾਂਦਾ ਰਿਹਾ। ਘਰਦਿਆਂ ਨੇ ਵੀ ਪੱਕੀ ਕਲਾਸ ਵਿਚ ਮੇਰਾ ਨਾਂ ਉਦੋਂ ਲਿਖਵਾਇਆ ਜਦੋਂ ਕੱਚੀ ਕਲਾਸ ਲਈ ਸਕੂਲ ਜਾਣ ਵੇਲੇ ਮਾਸਟਰਾਂ ਨੇ ਪੰਜ ਵਾਰ ਸਕੂਲ ਵਿਚੋਂ ਇਸ ਲਈ ਕੱਢ ਦਿੱਤਾ ਸੀ ਕਿ ਪੱਕੀ ਕਲਾਸ ਵਿਚ ਦਾਖਲਾ ਕਰਵਾਓ। ਮੈਨੂੰ ਯਾਦ ਹੈ, ਉਦੋਂ ਪ੍ਰਾਇਮਰੀ ਸਕੂਲ ਦੇ ਹੈੱਡਮਾਸਟਰ ਹਰਬੰਸ ਸਿੰਘ ਹੁੰਦੇ ਸਨ, ਜਿਨ੍ਹਾਂ ਨਾਲ ਸਾਡੀ ਦੂਰੋਂ-ਨੇੜਿਓਂ ਰਿਸ਼ਤੇਦਾਰ ਵੀ ਸੀ। ਇਕ ਦਿਨ ਹੈੱਡਮਾਸਟਰ ਹਰਬੰਸ ਸਿੰਘ ਨੇ ਮੈਨੂੰ ਸਕੂਲ ਵਿਚੋਂ ਥੱਪੜ ਮਾਰ ਕੇ ਕੱਢ ਦਿੱਤਾ ਤੇ ਨਾਲ ਹੀ ਤਾੜਨਾ ਕੀਤੀ, ‘‘ਮੁੜ ਕੇ ਉਦੋਂ ਸਕੂਲ ਵੜੀਂ ਜਦੋਂ ਤੇਰੇ ਘਰ ਦੇ ਪੱਕੀ ਕਲਾਸ ਵਿਚ ਦਾਖਲਾ ਕਰਵਾ ਜਾਣਗੇ।’’
ਹੈੱਡਮਾਸਟਰ ਦੇ ਥੱਪੜ ਤੋਂ ਮੈਂ ਡਰੇ ਹੋਏ ਨੇ ਸਿੱਧਾ ਆਪਣੇ ਘਰ ਜਾ ਕੇ ਸਾਹ ਲਿਆ। ਮੂਹਰੇ ਫਾਟਕ ਨੂੰ ਤਾਲਾ ਲੱਗਾ ਹੋਇਆ ਸੀ। ਮੈਂ ਹਵੇਲੀ ਵੱਲ ਨੂੰ ਤੁਰ ਪਿਆ ਪਰ ਉਥੇ ਵੀ ਕੋਈ ਨਹੀਂ ਸੀ। ਮੈਨੂੰ ਲੱਗਾ ਕਿ ਬੇਬੇ ਜੀ ਵੀ ਮੱਝਾਂ ਨੂੰ ਪਾਣੀ ਪਿਲਾ ਕੇ ਖੇਤਾਂ ਵੱਲ ਚਲੇ ਗਏ ਸਨ। ਮੈਂ ਕਾਹਲੀ-ਕਾਹਲੀ ਮੁਰੱਬਿਆਂ ਵੱਲ ਹੋ ਤੁਰਿਆ। ਜਾਮਣ ਵਾਲੇ ਖੇਤ ਵਿਚ ਮੇਰੇ ਦਾਦਾ ਜੀ , ਪਿਤਾ ਜੀ ਅਤੇ ਬੇਬੇ (ਮਾਤਾ) ਜੀ ਨੂੰ ਨਾਲ ਲੈ ਕੇ ਬੀਜ ਲਈ ਪੱਕੀ ਬਰਸੀਮ ਵੱਢ ਰਹੇ ਸਨ। ਮੈਂ ਰੋਂਦਿਆਂ ਹੈੱਡਮਾਸਟਰ ਹਰਬੰਸ ਸਿੰਘ ਵੱਲੋਂ ਸਕੂਲ ’ਚ ਦਾਖਲਾ ਕਰਾ ਕੇ ਹੀ ਵੜ੍ਹਨ ਦੀ ਤਾੜਨਾ ਬਾਰੇ ਦੱਸਿਆ। ਪਿਤਾ ਜੀ ਨੇ ਬਾਪੂ ਜੀ ਨੂੰ ਕਿਹਾ ਕਿ ਗੋਂਦੀ ਹਲਵਾਈ ਦੀ ਦੁਕਾਨ ਤੋਂ ਸਵਾ ਰੁਪਏ ਦੇ ਪਤਾਸੇ ਲੈ ਕੇ ਮੇਰਾ ਦਾਖਲਾ ਕਰਵਾ ਆਉਣ। ਬਾਪੂ ਜੀ ਪਰਨੇ ਦਾ ਝੁੰਮ ਮਾਰੀ ਗੋਂਦੀ ਹਲਵਾਈ ਦੀ ਦੁਕਾਨ ਤੋਂ ਸਵਾ ਰੁਪਏ ਦੇ ਪਤਾਸੇ ਲੈ ਕੇ ਮੇਰਾ ਨਾਂ ਪੱਕੀ ਕਲਾਸ ’ਚ ਲਿਖਵਾਉਣ ਲਈ ਸਕੂਲ ਚਲੇ ਗਏ।
ਸਕੂਲ ਦੇ ਮੁੱਖ ਗੇਟ ਦੇ ਸੱਜੇ ਪਾਸੇ ਲੱਗੇ ਟਾਹਲੀ ਦੇ ਦਰੱਖਤ ਦੇ ਥੱਲੇ ਹੈੱਡਮਾਸਟਰ ਹਰਬੰਸ ਸਿੰਘ ਪੰਜਵੀਂ ਕਲਾਸ ਲਈ ਬੈਠੇ ਸਨ। ਕੁਰਸੀ ’ਤੇ ਬੈਠੇ ਹੈੱਡਮਾਸਟਰ ਦੀ ਅੱਖ ਲੱਗ ਗਈ ਲਗਦੀ ਸੀ ਪਰ ਦੋ ਬੱਚੇ ਉਨ੍ਹਾਂ ਦੇ ਪੈਰ ਦੇ ਅੰਗੂਠੇ ਖਿੱਚ ਰਹੇ ਸਨ। ਇਕ ਹੋਰ ਬੱਚਾ ਉਨ੍ਹਾਂ ਦੇ ਹੱਥ ਦੀਆਂ ਉਂਗੜਾਂ ਮਰੋੜ ਕੇ ਪਟਾਕੇ ਵਜਾ ਰਿਹਾ ਸੀ। ਬਾਪੂ ਜੀ ਨੇ ਹੈੱਡਮਾਸਟਰ ਦੀ ਕੁਰਸੀ ਮੋਹਰੇ ਪਏ ਮੇਜ਼ ’ਤੇ ਸਵਾ ਰੁਪਏ ਦੇ ਪਤਾਸਿਆਂ ਦਾ ਪ੍ਰਸ਼ਾਦ ਰੱਖ ਕੇ ਮੇਰਾ ਪੱਕਾ ਨਾਂ ਲਿਖਣ ਲਈ ਕਹਿ ਦਿੱਤਾ ਸੀ ਪਰ ਉਸ ਦੀ ਨੀਂਦ ਬਾਪੂ ਜੀ ਦੀ ਉੱਚੀ ਆਵਾਜ਼ ਵਿਚ ਫਤਹਿ ਬੁਲਾਉਣ ਨਾਲ ਹੀ ਖੁੱਲ੍ਹੀ ਸੀ। ਆਪਣੀ ਉਮਰ ਦੇ ਸੱਤਰਵਿਆਂ ਵਿਚ ਵੀ ਬਾਪੂ ਜੀ ਐਨੇ ਭੋਲੇ ਸਨ ਕਿ ਉਨ੍ਹਾਂ ਨੂੰ ਮੇਰਾ ਪੰਜ ਅੱਖਰਾਂ ਦਾ ਆਧੁਨਿਕ ਨਾਂ ਲੈਣਾ ਨਹੀਂ ਸੀ ਆ ਰਿਹਾ। ਉਹ ਤਾਂ ਭੂਆ ਗਿਆਨ ਕੌਰ ਵੱਲੋਂ ਰੱਖਿਆ ਮੇਰਾ ਨਾਂ ‘ਕੀਰਤਨ ਸਿੰਘ ਸੋਢੀ ਲੈ ਕੇ ਹੀ ਖੁਸ਼ ਸਨ। ਮੇਰੀ ਜਨਮ ਤਰੀਕ ਅਤੇ ਸਾਲ ਪੁੱਛਣ ’ਤੇ ਉਨ੍ਹਾਂ ਨੇ ਇੰਨਾ ਹੀ ਕਿਹਾ ਕਿ ਜਿਸ ਦਿਨ ਘਾਟੀ ਵਾਲੇ ਸਵਰਨ ਸਿੰਘ ਦੀ ਗਭਲੀ ਕੁੜੀ ਨੂੰ ਵਿਆਹੁਣ ਲਈ ਯੂ.ਪੀ. ਤੋਂ ਬਾਰਾਤ ਆ ਕੇ ਢੁਕੀ ਸੀ, ਉਸ ਦਿਨ ਇਹਦਾ ਜਨਮ ਹੋਇਆ ਸੀ। ਉਹ ਨਾਲ ਹੀ ਇਹ ਵੀ ਕਹਿ ਗਏ ਕਿ ਕਣਕ ਵੱਢ ਲਈ ਸੀ ਪਰ ਹਾਲੇ ਫਲ੍ਹੇ (ਗਹਾਈ) ਨਹੀਂ ਪਏ ਸਨ। ਹੈੱਡਮਾਸਟਰ ਨੇ ਅੰਦਾਜ਼ੇ ਨਾਲ 25 ਮਈ ਦੀ ਤਰੀਕ ਲਿੱਖ ਦਿੱਤੀ ਸੀ, ਹਾਲਾਂਕਿ ਬੇਬੇ ਜੀ ਨੇ, ਦਾਦਾ ਜੀ ਨੂੰ ਇਹ ਕਹਿ ਕੇ ਤੋਰਿਆ ਸੀ ਕਿ ਇਹਦਾ ਜਨਮ 15 ਜੇਠ ਦਾ ਹੈ। ਦਾਖਲਾ ਹੋਣ ਤੋਂ ਬਾਅਦ ਬੱਚਿਆਂ ਵਿੱਚ ਪਤਾਸੇ ਵੰਡੇ ਗਏ। ਮੈਂ ਪੱਕੀ ਵਿਚ ਨਾਂ ਲਿਖਾ ਕੇ ਖੁਸ਼ ਸਾਂ ਤੇ ਬੱਚੇ ਪਤਾਸੇ ਖਾ ਕੇ।
ਸਮਾਂ ਕਿੰਨਾ ਬਦਲ ਗਿਆ। ਮੇਰੇ ਬੇਟੇ ਤੇ ਬੇਟੀ ਦੇ ਜਨਮ ਬਾਰੇ ਸੋਚਣ ਤੋਂ ਪਹਿਲਾਂ ਹੀ ਯੋਜਨਾ ਬਣਨ ਲੱਗ ਪਈ ਸੀ ਕਿ ਬੱਚਿਆਂ ਦਾ ਜਨਮ ਇੰਜ ਪਲੈਨ ਕੀਤਾ ਜਾਵੇ ਕਿ ਮਾਰਚ ਮਹੀਨੇ ’ਚ ਦਾਖਲਿਆਂ ਵੇਲੇ ਉਹ ਢਾਈ ਸਾਲਾਂ ਦੇ ਹੋ ਜਾਣ। ਉਨ੍ਹਾਂ ਨੂੰ ਸਕੂਲ ਦਾਖਲ ਕਰਵਾਉਣ ਤੋਂ ਪਹਿਲਾਂ ਹੀ ਲੀਹ ’ਤੇ ਪਾਉਣ ਲਈ ਕਰੈਚ ਅਤੇ ਪ੍ਰੀ-ਨਰਸਰੀ ਵਿਚ ਪਾਈ ਰੱਖਿਆ ਸੀ। ਬੱਚਿਆਂ ਦੀ ਮਾਂ ਦਾ ਮੰਨਣਾ ਸੀ ਕਿ ਬੱਚੇ ਆਪਣੇ ਹਾਣ ਦੇ ਦੂਜੇ ਬੱਚਿਆਂ ਨਾਲ ਰਹਿ ਕੇ ਛੇਤੀ ਸਿੱਖਦੇ ਅਤੇ ਵਿਕਸਿਤ ਹੁੰਦੇ ਹਨ। ਬੇਟੇ ਨੂੰ ਕ੍ਰਿਸ਼ਚੀਅਨ ਸਕੂਲ ਵਿਚ ਦਾਖਲ ਕਰਵਾਉਣ ਲਈ ਚੰਡੀਗੜ੍ਹ ਦੇ ਇਕ ਚਰਚ ਦੇ ਪਾਦਰੀ ਦੀ ਸਿਫਾਰਸ਼ ਲੜਾਉਣੀ ਪਈ ਸੀ। ਡੀ.ਪੀ.ਆਈ. (ਸਕੂਲਜ਼) ਤੋਂ ਫੋਨ ਕਰਵਾ ਕੇ ਹੀ ਸਾਡੀ ਤਸੱਲੀ ਹੋਈ ਸੀ। ਸਕੂਲ ਜਾਣ ਦੇ ਪਹਿਲੇ ਦਿਨ ਪਾਈ ਜਾਣ ਵਾਲੀ ਡਰੈੱਸ ਖਰੀਦਣ ਲਈ ਕਈ ਦਿਨ ਲੱਗੇ ਸਨ। ਪਹਿਲੇ ਦਿਨ ਅਸੀਂ ਉਸ ਨੂੰ ਕਾਰ ਵਿਚ ਸਕੂਲ ਛੱਡਣ ਗਏ। ਘਰੋਂ ਤੁਰਨ ਤੋਂ ਬਾਅਦ ਗੁਰਦੁਆਰੇ ਮੱਥਾ ਟੇਕਿਆ ਤੇ ਫੇਰ ਕਲਾਸ ਦੇ ਬੱਚਿਆਂ ਦੀ ਗਿਣਤੀ ਮੁਤਾਬਕ ਚਾਕਲੇਟ ਮੁੱਲ ਲਏ, ਸਕੂਲ ਦੇ ਪ੍ਰਿੰਸੀਪਲ ਲਈ ਅਤੇ ਅਧਿਆਪਕਾਂ ਲਈ ਵੱਖ-ਵੱਖ ਡੱਬੇ।ਘਰ ਤੋਂ ਸਕੂਲ ਤੱਕ ਕਾਰ ਚਲਾਉਣ ਵੇਲੇ ਮੇਰੀਆਂ ਅੱਖਾਂ ਅੱਗੇ ਕਦੇ ਦਾਦਾ ਜੀ ਤੇ ਮੈਂ ਕੜਕਦੀ ਧੁੱਪ ਵਿਚ ਨੰਗੇ ਪੈਰੀਂ ਪੱਕੀ ਕਲਾਸ ’ਚ ਨਾਂ ਲਿਖਵਾਉਣ ਲਈ ਜਾ ਰਹੇ ਘੁੰਮ ਰਹੇ ਸਾਂ ਅਤੇ ਕਦੇ ਗੋਂਦੀ ਦੀ ਦੁਕਾਨ ਤੋਂ ਲਏ ਸਵਾ ਰੁਪਏ ਦੇ ਪਤਾਸੇ।

ਕਮਲਜੀਤ ਸਿੰਘ ਬਨਵੈਤ  ਸੰਪਰਕ: +91 98147-34035

December 29, 2017 |

Leave a Reply

Your email address will not be published. Required fields are marked *

© 2019 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar