ਸਿਧਾਂਤਾਂ ਤੋਂ ਸੇਧ ਲਵੇ ਸਿੱਖ ਪੰਥ

0

10206CD _MIDDLEਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਜਦੋਂ ਡੋਗਰਿਆਂ ਨੇ ਬਾਗ਼ੀ ਹੋਏ ਕੁਝ ਸਿੱਖ ਆਗੂਆਂ ਨੂੰ ਸ਼ਰਨ ਦੇਣ ਕਰਕੇ ਹਰੀਕੇ ਪੱਤਣ ਦੇ ਸਿੱਖ ਸਾਧੂ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਡੇਰੇ ਉਪਰ ਸਿੱਖ ਫ਼ੌਜਾਂ ਕੋਲੋਂ ਹੀ ਹਮਲਾ ਕਰਵਾ ਦਿੱਤਾ ਤਾਂ 1500 ਬੰਦੂਕਧਾਰੀ ਅਤੇ 3000 ਘੋੜਸਵਾਰ ਸਿਪਾਹੀ ਡੇਰੇ ਦੇ ਅੰਦਰ ਹੋਣ ਦੇ ਬਾਵਜੂਦ ਬਾਬਾ ਬੀਰ ਸਿੰਘ ਨੇ ਆਪਣੀਆਂ ਫ਼ੌਜਾਂ ਨੂੰ ਕੋਈ ਜਵਾਬੀ ਵਾਰ ਨਾ ਕਰਨ ਦੀ ਹਦਾਇਤ ਕੀਤੀ। ਉਹ ਆਖਣ ਲੱਗੇ, “ਕੀ ਹੋਇਆ ਜੇ ਉਹ ਭੁੱਲ ਗਏ ਹਨ ਕਿ ਅਸੀਂ ਉਨ੍ਹਾਂ ਦੇ ਭਰਾ ਹਾਂ, ਪਰ ਸਾਨੂੰ ਤਾਂ ਯਾਦ ਹੈ ਕਿ ਉਹ ਸਾਡੇ ਭਰਾ ਹਨ। ਇਸ ਕਰਕੇ ਸਾਡਾ ਧਰਮ ਨਹੀਂ ਕਿ ਆਪਣੇ ਭਰਾਵਾਂ ਉਪਰ ਵਾਰ ਕਰੀਏ।” ਹਥਿਆਰਬੰਦ ਫ਼ੌਜਾਂ ਦਾ ਸਮਰੱਥ ਦਲ ਹੋਣ ਦੇ ਬਾਵਜੂਦ ਬਾਬਾ ਬੀਰ ਸਿੰਘ ਨੌਰੰਗਾਬਾਦੀ ਨੇ ਪੂਰਨ ਸ਼ਾਂਤਮਈ ਰਹਿ ਕੇ ਤੋਪਾਂ ਦੇ ਗੋਲਿਆਂ ਨਾਲ ਫ਼ੀਤਾ-ਫ਼ੀਤਾ ਹੁੰਦਿਆਂ ਸ਼ਹਾਦਤ ਦੇ ਦਿੱਤੀ। ਇਹ ਮਿਸਾਲ ਲਗਭਗ ਪੌਣੇ ਦੋ ਸੌ ਸਾਲ ਪਹਿਲਾਂ ਦੇ ਸਿੱਖ ਕਿਰਦਾਰ ਦੀ ਹੈ।
ਮੌਜੂਦਾ ਹਾਲਾਤ ਸਿੱਖ ਪੰਥ ਲਈ ਕਾਫ਼ੀ ਚਿੰਤਾਜਨਕ ਹਨ। ਵਿਚਾਰਧਾਰਕ ਮਤਭੇਦਾਂ, ਜਥੇਬੰਦਕ ਧੜੇਬੰਦੀਆਂ ਅਤੇ ਸਿਆਸੀ ਹਿੱਤਾਂ ਨੂੰ ਲੈ ਕੇ ਕਈ ਵਾਰ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਇਤਿਹਾਸ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਜਦੋਂ ਮੀਡੀਆ ਵਿਚ ਗੁਰਦੁਆਰਿਆਂ ਦੇ ਅੰਦਰ ਹੀ ਸਿੱਖਾਂ ਨੂੰ ਆਪਸ ਵਿਚ ਕਿਰਪਾਨਾਂ ਤਾਣੀ ਜਾਂ ਗੁੱਥਮ-ਗੁੱਥੀ ਹੁੰਦਿਆਂ ਇਕ ਦੂਜੇ ਦੀਆਂ ਦਸਤਾਰਾਂ ਦੀ ਬੇਅਦਬੀ ਕਰਦਿਆਂ ਦੇ ਦ੍ਰਿਸ਼ ਦਿਖਾਏ ਜਾਂਦੇ ਹਨ ਤਾਂ ਸਮੁੱਚੇ ਸੰਸਾਰ ਵਿਚ ਵੱਸਦੇ ਸਿੱਖ ਭਾਈਚਾਰੇ ਲਈ ਉਹ ਸ਼ਰਮਨਾਕ ਮੰਜ਼ਰ ਹੈ। ਹਰ ਸਾਲ ਛੇ ਜੂਨ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ, ਅੰਮ੍ਰਿਤਸਰ ਅੰਦਰ ਜੂਨ 1984 ਦੇ ਘੱਲੂਘਾਰੇ ਦੀ ਯਾਦ ਵਿਚ ਜਦੋਂ ਸਿੱਖ ਜੁੜਦੇ ਹਨ ਤਾਂ ਕੁਝ ਨਾ ਕੁਝ ਤਣਾਅਪੂਰਨ ਵਾਪਰਦਾ ਹੈ। ਇਸ ਵਾਰ ਵੀ ਘੱਲੂਘਾਰਾ ਦਿਵਸ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ। ਇਕ ਪਾਸੇ ਸ਼੍ਰੋਮਣੀ ਕਮੇਟੀ ਰਵਾਇਤੀ ਤਰੀਕੇ ਨਾਲ ਹਰ ਸਾਲ ਵਾਂਗ ਘੱਲੂਘਾਰਾ ਦਿਵਸ ਸਮਾਗਮ ਕਰੇਗੀ ਤੇ ਦੂਜੇ ਪਾਸੇ ਤੱਤੀ ਸੁਰ ਵਾਲੀਆਂ ਪੰਥਕ ਜਥੇਬੰਦੀਆਂ ਅਤੇ ਮੁਤਵਾਜ਼ੀ ਜਥੇਦਾਰ ਸ੍ਰੀ ਅਕਾਲ ਤਖ਼ਤ ’ਤੇ ਆਪਣਾ ਵੱਖਰਾ ਸਮਾਗਮ ਕਰਨ ਲਈ ਸਰਗਰਮ ਹਨ। ਅੱਜ ਸਿੱਖ ਪੰਥ ਨੂੰ ਭਰਾ-ਮਾਰੂ ਵਰਗੇ ਹਾਲਾਤ ਤੋਂ ਬਚਣ ਲਈ ਆਪਣੀਆਂ ਸ਼ਾਨਾਮੱਤੀਆਂ ਇਤਿਹਾਸਕ ਰਵਾਇਤਾਂ ਤੋਂ ਸੇਧ ਲੈਣ ਦੀ ਲੋੜ ਹੈ। ਭਾਵੇਂਕਿ ਸ਼ੁਰੂ ਤੋਂ ਹੀ ਸਿੱਖਾਂ ਵਿਚ ਜਥੇਬੰਦਕ ਮਤਭੇਦ, ਵਿਚਾਰਾਂ ਦਾ ਵਿਰੋਧਾਭਾਸ ਜਾਂ ਸਿਆਸੀ ਹਿੱਤਾਂ ਨੂੰ ਲੈ ਕੇ ਵਿਰੋਧਤਾਈਆਂ ਚੱਲਦੀਆਂ ਰਹੀਆਂ ਹਨ, ਪਰ ਇਸ ਦੇ ਬਾਵਜੂਦ ਸਿੱਖ,  ਸਿਧਾਂਤਕ ‘ਇਕਸੁਰਤਾ’ ਨੂੰ ਗੁਆਚਣ ਨਹੀਂ ਦਿੰਦੇ ਰਹੇ।
ਸਿੱਖ ਅਵਚੇਤਨ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਕੀ ਅਜ਼ਮਤ ਹੈ ਅਤੇ ਸ਼ਬਦ ਗੁਰੂ ਦੀ ਹਜ਼ੂਰੀ ਵਿਚ ਸਿੱਖਾਂ ਦੇ ਆਪਸੀ ਰਿਸ਼ਤੇ ਕਿੰਨੇ ਪਾਕ ਅਤੇ ਪੀਡੇ ਹਨ, ਇਸ ਦੀ ਇਕ ਅਨੂਠੀ ਇਤਿਹਾਸਕ ਮਿਸਾਲ ਇਸ ਤਰ੍ਹਾਂ ਹੈ: ਮਹਾਰਾਜਾ ਰਣਜੀਤ ਸਿੰਘ ਦੀ ਸੱਸ ਮਹਾਰਾਣੀ ਸਦਾ ਕੌਰ ਦੀ ‘ਕਨ੍ਹੱਈਆ ਮਿਸਲ’ ਅਤੇ ਸਰਦਾਰ ਜੱਸਾ ਸਿੰਘ ਦੀ ‘ਰਾਮਗੜ੍ਹੀਆ ਮਿਸਲ’ ਦਾ ਇਕ-ਦੂਜੇ ਨਾਲ ਅੰਤਾਂ ਦਾ ਵੈਰ ਸੀ। ਦੋਵੇਂ ਧਿਰਾਂ ਕਿਤੇ ਵੀ ਇਕ ਦੂਜੇ ਦੇ ਸਿਪਾਹ-ਸਲਾਰਾਂ ਦੇ ਸਿਰ ਲਾਹੁਣ ਤੋਂ ਗੁਰੇਜ਼ ਨਹੀਂ ਕਰਦੀਆਂ ਸਨ। ਇਕ ਦਿਨ ਮਹਾਰਾਣੀ ਸਦਾ ਕੌਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੈਠੀ ਕੀਰਤਨ ਸਰਵਣ ਕਰ ਰਹੀ ਸੀ। ਅਚਾਨਕ ਉਸ ਦੇ ਇਕ ਸਿਪਾਹ-ਸਲਾਰ ਨੇ ਆ ਕੇ ਕੰਨ ’ਚ ਹੌਲੀ ਜਿਹੀ ਸੂਚਨਾ ਦਿੱਤੀ ਕਿ ਰਾਮਗੜ੍ਹੀਆ ਮਿਸਲ ਦੇ ਸਰਦਾਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆ ਰਹੇ ਹਨ। ਉਹ ਨਿਹੱਥੇ ਅਤੇ ਇਕੱਲੇ ਹਨ। ਬਦਲਾ ਲੈਣ ਦਾ ਸਾਨੂੰ ਇਸ ਤੋਂ ਵਧੀਆ ਮੌਕਾ ਕਦੇ ਨਹੀਂ ਮਿਲਣਾ। ਜੇ ਆਖੋ ਤਾਂ ਅਸੀਂ ਥਾਏਂ ਹੀ ਉਨ੍ਹਾਂ ਦੇ ਸਿਰ ਲਾਹ ਦੇਈਏ। ਮਹਾਰਾਣੀ ਸਦਾ ਕੌਰ ਤਹੱਮਲ ਨਾਲ ਆਖਣ ਲੱਗੀ, ‘ਤੁਸੀਂ ਠੀਕ ਕਹਿੰਦੇ ਹੋ ਕਿ ਇਸ ਤੋਂ ਵਧੀਆ ਦੁਸ਼ਮਣੀ ਕੱਢਣ ਦਾ ਮੌਕਾ ਸਾਨੂੰ ਕਦੇ ਨਹੀਂ ਮਿਲਣਾ, ਪਰ ਇਸ ਅਸਥਾਨ ’ਤੇ ਉਹ ਸਾਡੇ ਗੁਰ-ਭਾਈ ਹਨ, ਦੁਸ਼ਮਣ ਉਹ ਸ੍ਰੀ ਅੰਮ੍ਰਿਤਸਰ ਦੀ ਜੂਹ ਤੋਂ ਪਰ੍ਹੇ ਹੋਣਗੇ। ਇਹ ਮੁਕੱਦਸ ਅਸਥਾਨ ਸਿਰ ਲਾਹੁਣ ਨਹੀਂ, ਸਗੋਂ ਸਿਰ ਜੋੜ ਕੇ ਬੈਠਣ ਵਾਲੀ ਜਗ੍ਹਾ ਹੈ।’
ਗੁਰੂਆਂ ਨੇ ਕਦੇ ਵੀ ਜ਼ਾਤੀ ਹਿੱਤਾਂ ਨੂੰ ਲੈ ਕੇ ਟਕਰਾਅ ਦੀ ਨੀਤੀ ਧਾਰਨ ਨਹੀਂ ਕੀਤੀ ਕਿਉਂਕਿ ਉਨ੍ਹਾਂ ਦੇ ਉਦੇਸ਼ ਤੇ ਨਿਸ਼ਾਨੇ ਬੜੇ ਉੱਚੇ ਅਤੇ ਵਿਆਪਕ ਸਨ। ਨਾ ਸਿਰਫ਼ ਉਹ ਛੋਟੇ-ਛੋਟੇ ਵਿਰੋਧਾਂ ਤੋਂ ਬੇਪ੍ਰਵਾਹ ਰਹੇ ਸਗੋਂ ਉਨ੍ਹਾਂ ਨਿਮਰਤਾ, ਹਲੀਮੀ, ਸਹਿਣਸ਼ੀਲਤਾ ਅਤੇ ਪਿਆਰ ਨਾਲ ‘ਵਿਰੋਧੀ’ ਨੂੰ ਵੀ ‘ਆਪਣਾ’ ਬਣਾ ਲਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਸ੍ਰੀ ਅੰਮ੍ਰਿਤਸਰ ਆਏ ਤਾਂ ਪ੍ਰਿਥੀ ਚੰਦ ਦੇ ਵਾਰਸਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਦਾ ਦਰਵਾਜ਼ਾ ਬੰਦ ਕਰ ਦਿੱਤਾ, ਪਰ ਗੁਰੂ ਜੀ ਮਸੰਦਾਂ ਨਾਲ ਝਗੜਾ ਕਰਨ ਦੀ ਥਾਂ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰਨ ਤੋਂ ਬਾਅਦ ਬਾਹਰੋਂ ਹੀ ਸ੍ਰੀ ਹਰਿਮੰਦਰ ਸਾਹਿਬ ਵੱਲ ਨਮਸਕਾਰ ਕਰਕੇ ਪਰਤ ਗਏ। ਸਿੱਖ ਪੰਥ ਵਿਚ ਇਸ ਤਰ੍ਹਾਂ ਦੀਆਂ ਬਹੁਤ ਮਿਸਾਲਾਂ ਹਨ।
ਅੱਜ ਅਸੀਂ ਭਾਵੇਂ ਬਹੁਤ ਸਾਰੇ ਜਥੇਬੰਦਕ ਧੜਿਆਂ ਵਿਚ ਵੰਡੇ ਹੋਈਏ, ਸਾਡੇ ਵਿਚਾਰਧਾਰਕ ਮਤਭੇਦ ਹੋਣ, ਸਾਡੀਆਂ ਰਾਜਨੀਤਕ ਤਰਜੀਹਾਂ ਅੱਡੋ-ਅੱਡਰੀਆਂ ਹੋਣ, ਰਾਜਨੀਤੀ ਦੇ ਮੈਦਾਨ ਵਿਚ ਸਾਡੀਆਂ ਵਿਰੋਧਤਾਈਆਂ ਕਿੰਨੀਆਂ ਵੀ ਤਿੱਖੀਆਂ ਹੋਣ, ਪਰ ਇਸ ਸਭ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਸ੍ਰੀ ਦਰਬਾਰ ਸਾਹਿਬ ਦੀ ਜੂਹ ਦੇ ਅੰਦਰ ਸਾਨੂੰ ਬੱਸ ਇਕੋ ਗੱਲ ਯਾਦ ਹੋਣੀ ਚਾਹੀਦੀ ਹੈ,‘ਅਸੀਂ ਸਾਰੇ ਸਿੱਖ ਹਾਂ ਅਤੇ ਆਪਸ ਵਿਚ ਗੁਰ-ਭਾਈ ਹਾਂ।’ ਜੇ ਸਾਡੇ ਪੱਲੇ ਇਹ ਸਿਧਾਂਤਕ ਗੁਣ ਪੈ ਜਾਵੇ ਤਾਂ ਕਦੇ ਵੀ ਸਿੱਖ ਦੇ ਸਾਹਮਣੇ ਕਿਰਪਾਨ ਤਾਣੀ ਸਿੱਖ ਖੜ੍ਹਾ ਦਿਖਾਈ ਨਹੀਂ ਦੇਵੇਗਾ। ਕਦੇ ਵੀ ਮੀਡੀਆ ਨੂੰ ਸਿੱਖਾਂ ਨੂੰ ਹੀ ਸਿੱਖਾਂ ਦੀਆਂ ਦਸਤਾਰਾਂ ਲਾਹੁੰਦਿਆਂ ਦਿਖਾਉਣ ਦਾ ਮੌਕਾ ਨਹੀਂ ਮਿਲ ਸਕੇਗਾ।
ਤਲਵਿੰਦਰ ਸਿੰਘ ਬੁੱਟਰ    ਸੰਪਰਕ: 98780-70008

 

June 5, 2017 |

Leave a Reply

Your email address will not be published. Required fields are marked *

© 2019 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar