ਸੁਆਲਾਂ ਦੇ ਜੰਗਲ ਵਿਚ ਭਟਕਦਾ ਮਨ

0

ਸਵੇਰੇ ਪੰਜ ਵਜੇ ਅੱਖ ਖੁੱਲ ਗਈ ਹੈ। ਕਈ ਤਰ੍ਹਾਂ ਦੇ ਸੁਆਲ ਮਨ ਵਿਚ ਉਠ ਰਹੇ ਹਨ। ਅਸੀਂ ਕਿਧਰ ਜਾ ਰਹੇ ਹਾਂ ? ਸਾਡੀ ਮੰਜ਼ਲ ਕੀ ਹੈ ? ਭਵਿੱਖ ਪ੍ਰਤੀ ਨਿਰਾਸ਼ ਨੌਜਵਾਨ ਜੁਰਮਾਂ ਤੇ ਨਸ਼ਿਆਂ ਵੱਲ ਰੁਚਿਤ ਹੁੰਦੇ ਨਜ਼ਰ ਆ ਰਹੇ ਹਨ। ਸਰਕਾਰੀ ਹਸਪਤਾਲ ਡਾਕਟਰਾਂ ਤੋਂ ਖਾਲ਼ੀ ਨਜ਼ਰ ਆ ਰਹੇ ਹਨ। ਸਰਕਾਰੀ ਸਕੂਲ ਅਧਿਆਪਕਾਂ ਤੋਂ ਸੱਖਣੇ ਦਿਖਾਈ ਦੇ ਰਹੇ ਹਨ। ਮੁਲਾਜ਼ਮ ਤੇ ਬੇਰੁਜ਼ਗਾਰ ਲੋਕ ਪੁਲਿਸ ਦੀਆਂ ਲਾਠੀਆਂ ਖਾਂਦੇ ਨਜ਼ਰ ਆ ਰਹੇ ਹਨ। ਕਿਸਾਨ ਖੁਦਕ਼ਸ਼ੀਆਂ ਕਰਦੇ ਨਜ਼ਰ ਆ ਰਹੇ ਹਨ। ਹੁਕਮਰਾਨ ਨਸ਼ੇ , ਰੇਤਾ, ਬਜਰੀ ਵੇਚਣ ਤੋਂ ਲੈ ਕੇ ਹਰ ਜਾਇਜ਼ – ਨਾਜਾਇਜ਼ ਢੰਗ ਨਾਲ ਆਪਣੇ ਕਾਰੋਬਾਰ ਫੈਲਾਉਂਦੇ ਨਜ਼ਰ ਆ ਰਹੇ ਹਨ। ਹਰ ਪਾਸੇ ਲੁੱਟ ਬੇਚੈਨੀ ਤੇ ਨਿਰਾਸ਼ਾ ਨਜ਼ਰ ਆ ਰਹੀ ਹੈ। ਪੁਰਾਣੀਆਂ ਪਾਰਟੀਆਂ ਨੂੰ ਅਜ਼ਮਾ ਚੁੱਕੇ ਹਾਂ। ਨਵੀਂ ਉੱਭਰ ਰਹੀ ਪਾਰਟੀ ਦੇ ਅੰਦਰ ਜੋ ਚਲ ਰਿਹਾ ਹੈ ਅਤੇ ਜਿਸ ਤਰ੍ਹਾਂ ਇਸ ਵੱਲੋਂ ਆਪਣੇ ਹੀ ਤਜਰਬੇਕਾਰ ਪੰਜਾਬ ਦੇ ਆਗੂਆਂ ਨੂੰ ਨੁਕਰੇ ਲਾਇਆ ਜਾ ਰਿਹਾ ਹੈ, ਉਸ ਕਾਰਨ ਭਵਿੱਖ ਪ੍ਰਤੀ ਸ਼ੰਕੇ ਹੋਰ ਵੀ ਗਹਿਰੇ ਹੁੰਦੇ ਜਾ ਰਹੇ ਹਨ।
ਇਸ ਤਰ੍ਹਾਂ ਦੀ ਮਾਨਸਿਕ ਸਥਿਤੀ ਵਿਚ ਪਿਛਲੇ ਦਿਨੀਂ ਵਿਛੋੜਾ ਦੇ ਗਏ ਨਾਵਲਕਾਰ ਗੁਰਦਿਆਲ ਸਿੰਘ ਦੀ ਬੜੀ ਯਾਦ ਆ ਰਹੀ ਹੈ। ਦੇਸ਼ ਅਤੇ ਖ਼ਾਸ ਕਰਕੇ ਪੰਜਾਬ ਦੀ ਸਥਿਤੀ ਬਾਰੇ ਉਨ੍ਹਾਂ ਦੇ ਲਿਖੇ ਹਰ ਲੇਖ ਦਾ ਅੰਤ ਗਹਿਰੀ ਨਿਰਾਸ਼ਾ ਵਿਚ ਹੁੰਦਾ ਸੀ। ਜਦੋਂ ਫ਼ੋਨ ਕਰਕੇ ਗਿਲਾ ਕਰਦਾ ਹੋਇਆ ਉਨ੍ਹਾਂ ਨੂੰ ਕਹਿੰਦਾ ਸਾਂ , ” ਤੁਸੀਂ ਤਾਂ ਬੁੱਧੀਜੀਵੀ ਹੋ ਲੋਕਾਂ ਨੂੰ ਕੋਈ ਦਿਸ਼ਾ ਦਿਓ ” ਤਾਂ ਦੁੱਖ ਭਰੇ ਮਨ ਨਾਲ ਕਹਿੰਦੇ ਸਨ, ” ਸਤਨਾਮ , ਕੀ ਲਿਖਾਂ , ਲੋਕਾਂ ਨੂੰ ਪ੍ਰਨਾਈ ਤੇ ਸਾਰਥਿਕ ਤਬਦੀਲੀ ਂਲਿਆਉਣ ਦੇ ਸਮਰੱਥ ਕੋਈ ਰਾਜਨੀਤਕ ਜਮਾਤ ਹੀ ਨਜ਼ਰ ਨਹੀਂ ਆਂ ਰਹੀ!” ਅਸੀਂ ਇੱਥੇ ਬੈਠੇ ਦੇਸ਼ ਤੇ ਪੰਜਾਬ ਦੀ ਅਜੋਕੀ ਸਥਿਤੀ ਨੂੰ ਦੇਖ ਕੇ ਝੂਰੀ ਜਾ ਰਹੇ ਹਾਂ। ਜਿਹੜੇ ਸਾਡੇ ਭਰ੍ਹਾ ਵਿਦੇਸ਼ਾਂ ਨੂੰ ਚਲੇ ਗਏ ਹਨ, ਉਹ ਉੱਥੇ ਬੈਠੇ ਝੂਰੀ ਜਾ ਰਹੇ ਹਨ। ਇਕ ਦਰਦ ਭਰਿਆ ਰਿਸ਼ਤਾ ਸਾਡਾ ਇਸ ਮਿੱਟੀ ਨਾਲ ਹੈ। ਜਿੱਥੇ ਵੀ ਜਾਂਦੇ ਹਾਂ ਇਹ ਦਰਦ ਸਾਡੇ ਨਾਲ ਜਾਂਦਾ ਹੈ। ਇਹ ਉਹੀ ਦੇਸ਼ ਹੈ , ਜਿਸ ਦੀ ਆਜ਼ਾਦੀ ਲਈ ਸਾਡੇ ਬਜ਼ੁਰਗਾਂ ਨੇ ਅੱਸੀ ਫੀਸਦੀ ਕੁਰਬਾਨੀਆਂ ਕੀਤੀਆਂ ਸਨ। ਪਰ ਉਹ ਤਾਂ ਵਿਦੇਸ਼ੀ ਹਾਕਮ ਸਨ , ਜਿਨ੍ਹਾਂ ਵਿਰੁੱਧ ਉਹ ਲੜ੍ਹੇ ਸਨ।
ਸਾਡਾ ਅੱਜ ਦਾ ਦੁਖਾਂਤ ਇਹ ਹੈ ਕਿ ਲੁੱਟਣ ਤੇ ਕੁੱਟਣ ਵਾਲੇ ਵੀ ਸਾਡੇ ਵਿਚੋਂ ਹਨ ਅਤੇ ਲੁੱਟੇ ਤੇ ਕੁੱਟੇ ਜਾ ਰਹੇ ਵੀ ਸਾਡੇ ਵਿਚੋਂ ਹੀ ਹਨ। ਬਿਨਾਂਸ਼ੱਕ ਮੰਜ਼ਲ ਨਜ਼ਰ ਨਹੀਂ ਰਹੀ । ਪਰ ਹਰ ਦੌਰ ਦੇ ਲੋਕਾਂ ਨੂੰ ਆਪਣੇ ਸਮਿਆਂ ਦਾ ਮਹਾਭਾਰਤ ਲੜਨਾ ਪੈਦਾ ਹੈ। ਅਸੀਂ ਵੀ ਯੁੱਧ ਦੇ ਮੈਦਾਨ ਵਿਚ ਖੜ੍ਹੇ ਹਾਂ । ਲਸ਼ਕਰ ਸਾਡੇ ਸਾਹਮਣੇ ਹਨ। ਕੌਰਵਾਂ ਤੇ ਪਾਂਡਵਾਂ ਦੀ ਚੋਣ ਤਾਂ ਸਾਨੂੰ ਕਰਨੀ ਹੀ ਪਵੇਗੀ। ਦੁਚਿਤੀ ਵਿਚ ਪਿਆ ਅਰਜਨ ਕੁਝ ਵੀ ਹਾਸਲ ਨਹੀਂ ਕਰ ਸਕੇਗਾ।
ਉਂਝ ਵੀ ਸਾਡੇ ਬਜ਼ੁਰਗਾਂ ਨੇ ਸਾਨੂੰ ਇਹੀ ਸਿਖਾਇਆ ਹੈ , ਕਿ ਜੇਕਰ ਤੁਰਾਂਗੇ ਤਾਂ ਹੀ ਸਫ਼ਰ ਮੁੱਕੇਗਾ। ਘਰ ਬੈਠਿਆਂ ਨੂੰ ਮੰਜ਼ਲ ਨਹੀਂ ਮਿਲਦੀ। ਆਮੀਨ । ———— ਸਤਨਾਮ ਸਿੰਘ ਮਾਣਕ

August 26, 2016 |

Leave a Reply

Your email address will not be published. Required fields are marked *

© 2021 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar