Blog

ਸਵਾ ਰੁਪਏ ਦਾ ਪ੍ਰਸ਼ਾਦ

331

ਮੇਰੇ ਪਿੰਡ ਉੜਾਪੜ ਵਿਚ ਪ੍ਰਾਇਮਰੀ ਸਕੂਲ ਸੀ ਅਤੇ ਨਾਲ ਲਗਦੇ ਪਿੰਡ ਚੱਕਦਾਨੇ ਵਿਚ ਹਾਈ ਸਕੂਲ ਹੁੰਦਾ ਸੀ। ਚੱਕਦਾਨੇ ਦੇ ਬੱਚੇ ਪੰਜਵੀਂ ਤੱਕ ਉੜਾਪੜ ਦੇ ਪ੍ਰਾਇਮਰੀ ਸਕੂਲ ’ਚ ਪੜ੍ਹਨ ਲਈ ਆਉਂਦੇ ਅਤੇ ਉੜਾਪੜ ਦੇ ਬੱਚੇ ਦਸਵੀਂ ਕਰਨ ਲਈ ਚੱਕਦਾਨੇ ਦੇ ਹਾਈ ਸਕੂਲ ਵਿਚ ਦਾਖਲਾ ਲੈਂਦੇ ਸਨ। ਦੋਹਾਂ ਸਕੂਲਾਂ ਦੇ ਬੱਚਿਆਂ ਨੂੰ ਪੰਜਵੀਂ, ਅੱਠਵੀਂ ਅਤੇ ਦਸਵੀਂ ਦਾ ਇਮਤਿਹਾਨ ਦੇਣ ਲਈ ਸੱਤ ਕਿਲੋਮੀਟਰ ਤੁਰ ਕੇ ਪਿੰਡ ਮੀਲਪੁਰ ਲੰਮੇ ਜਾਣਾ ਪੈਂਦਾ ਸੀ।

ਪੱਕੀ ਕਲਾਸ (ਹੁਣ ਅਪਰ ਕੇ.ਜੀ) ਵਿਚ ਨਾਂ ਲਿਖਵਾਉਣ ਤੋਂ ਪਹਿਲਾਂ ਮੈਂ ਕੱਚੀ ਕਲਾਸ (ਲੋਅਰ ਕੇ.ਜੀ) ਕਰਨ ਲਈ ਕਈ ਮਹੀਨੇ ਝੋਲੇ ਵਿਚ ਪੈਂਤੀ ਅੱਖਰੀ ਦਾ ਕੈਦਾ ਪਾ ਕੇ ਸਕੂਲ ਜਾਂਦਾ ਰਿਹਾ। ਘਰਦਿਆਂ ਨੇ ਵੀ ਪੱਕੀ ਕਲਾਸ ਵਿਚ ਮੇਰਾ ਨਾਂ ਉਦੋਂ ਲਿਖਵਾਇਆ ਜਦੋਂ ਕੱਚੀ ਕਲਾਸ ਲਈ ਸਕੂਲ ਜਾਣ ਵੇਲੇ ਮਾਸਟਰਾਂ ਨੇ ਪੰਜ ਵਾਰ ਸਕੂਲ ਵਿਚੋਂ ਇਸ ਲਈ ਕੱਢ ਦਿੱਤਾ ਸੀ ਕਿ ਪੱਕੀ ਕਲਾਸ ਵਿਚ ਦਾਖਲਾ ਕਰਵਾਓ। ਮੈਨੂੰ ਯਾਦ ਹੈ, ਉਦੋਂ ਪ੍ਰਾਇਮਰੀ ਸਕੂਲ ਦੇ ਹੈੱਡਮਾਸਟਰ ਹਰਬੰਸ ਸਿੰਘ ਹੁੰਦੇ ਸਨ, ਜਿਨ੍ਹਾਂ ਨਾਲ ਸਾਡੀ ਦੂਰੋਂ-ਨੇੜਿਓਂ ਰਿਸ਼ਤੇਦਾਰ ਵੀ ਸੀ। ਇਕ ਦਿਨ ਹੈੱਡਮਾਸਟਰ ਹਰਬੰਸ ਸਿੰਘ ਨੇ ਮੈਨੂੰ ਸਕੂਲ ਵਿਚੋਂ ਥੱਪੜ ਮਾਰ ਕੇ ਕੱਢ ਦਿੱਤਾ ਤੇ ਨਾਲ ਹੀ ਤਾੜਨਾ ਕੀਤੀ, ‘‘ਮੁੜ ਕੇ ਉਦੋਂ ਸਕੂਲ ਵੜੀਂ ਜਦੋਂ ਤੇਰੇ ਘਰ ਦੇ ਪੱਕੀ ਕਲਾਸ ਵਿਚ ਦਾਖਲਾ ਕਰਵਾ ਜਾਣਗੇ।’’
ਹੈੱਡਮਾਸਟਰ ਦੇ ਥੱਪੜ ਤੋਂ ਮੈਂ ਡਰੇ ਹੋਏ ਨੇ ਸਿੱਧਾ ਆਪਣੇ ਘਰ ਜਾ ਕੇ ਸਾਹ ਲਿਆ। ਮੂਹਰੇ ਫਾਟਕ ਨੂੰ ਤਾਲਾ ਲੱਗਾ ਹੋਇਆ ਸੀ। ਮੈਂ ਹਵੇਲੀ ਵੱਲ ਨੂੰ ਤੁਰ ਪਿਆ ਪਰ ਉਥੇ ਵੀ ਕੋਈ ਨਹੀਂ ਸੀ। ਮੈਨੂੰ ਲੱਗਾ ਕਿ ਬੇਬੇ ਜੀ ਵੀ ਮੱਝਾਂ ਨੂੰ ਪਾਣੀ ਪਿਲਾ ਕੇ ਖੇਤਾਂ ਵੱਲ ਚਲੇ ਗਏ ਸਨ। ਮੈਂ ਕਾਹਲੀ-ਕਾਹਲੀ ਮੁਰੱਬਿਆਂ ਵੱਲ ਹੋ ਤੁਰਿਆ। ਜਾਮਣ ਵਾਲੇ ਖੇਤ ਵਿਚ ਮੇਰੇ ਦਾਦਾ ਜੀ , ਪਿਤਾ ਜੀ ਅਤੇ ਬੇਬੇ (ਮਾਤਾ) ਜੀ ਨੂੰ ਨਾਲ ਲੈ ਕੇ ਬੀਜ ਲਈ ਪੱਕੀ ਬਰਸੀਮ ਵੱਢ ਰਹੇ ਸਨ। ਮੈਂ ਰੋਂਦਿਆਂ ਹੈੱਡਮਾਸਟਰ ਹਰਬੰਸ ਸਿੰਘ ਵੱਲੋਂ ਸਕੂਲ ’ਚ ਦਾਖਲਾ ਕਰਾ ਕੇ ਹੀ ਵੜ੍ਹਨ ਦੀ ਤਾੜਨਾ ਬਾਰੇ ਦੱਸਿਆ। ਪਿਤਾ ਜੀ ਨੇ ਬਾਪੂ ਜੀ ਨੂੰ ਕਿਹਾ ਕਿ ਗੋਂਦੀ ਹਲਵਾਈ ਦੀ ਦੁਕਾਨ ਤੋਂ ਸਵਾ ਰੁਪਏ ਦੇ ਪਤਾਸੇ ਲੈ ਕੇ ਮੇਰਾ ਦਾਖਲਾ ਕਰਵਾ ਆਉਣ। ਬਾਪੂ ਜੀ ਪਰਨੇ ਦਾ ਝੁੰਮ ਮਾਰੀ ਗੋਂਦੀ ਹਲਵਾਈ ਦੀ ਦੁਕਾਨ ਤੋਂ ਸਵਾ ਰੁਪਏ ਦੇ ਪਤਾਸੇ ਲੈ ਕੇ ਮੇਰਾ ਨਾਂ ਪੱਕੀ ਕਲਾਸ ’ਚ ਲਿਖਵਾਉਣ ਲਈ ਸਕੂਲ ਚਲੇ ਗਏ।
ਸਕੂਲ ਦੇ ਮੁੱਖ ਗੇਟ ਦੇ ਸੱਜੇ ਪਾਸੇ ਲੱਗੇ ਟਾਹਲੀ ਦੇ ਦਰੱਖਤ ਦੇ ਥੱਲੇ ਹੈੱਡਮਾਸਟਰ ਹਰਬੰਸ ਸਿੰਘ ਪੰਜਵੀਂ ਕਲਾਸ ਲਈ ਬੈਠੇ ਸਨ। ਕੁਰਸੀ ’ਤੇ ਬੈਠੇ ਹੈੱਡਮਾਸਟਰ ਦੀ ਅੱਖ ਲੱਗ ਗਈ ਲਗਦੀ ਸੀ ਪਰ ਦੋ ਬੱਚੇ ਉਨ੍ਹਾਂ ਦੇ ਪੈਰ ਦੇ ਅੰਗੂਠੇ ਖਿੱਚ ਰਹੇ ਸਨ। ਇਕ ਹੋਰ ਬੱਚਾ ਉਨ੍ਹਾਂ ਦੇ ਹੱਥ ਦੀਆਂ ਉਂਗੜਾਂ ਮਰੋੜ ਕੇ ਪਟਾਕੇ ਵਜਾ ਰਿਹਾ ਸੀ। ਬਾਪੂ ਜੀ ਨੇ ਹੈੱਡਮਾਸਟਰ ਦੀ ਕੁਰਸੀ ਮੋਹਰੇ ਪਏ ਮੇਜ਼ ’ਤੇ ਸਵਾ ਰੁਪਏ ਦੇ ਪਤਾਸਿਆਂ ਦਾ ਪ੍ਰਸ਼ਾਦ ਰੱਖ ਕੇ ਮੇਰਾ ਪੱਕਾ ਨਾਂ ਲਿਖਣ ਲਈ ਕਹਿ ਦਿੱਤਾ ਸੀ ਪਰ ਉਸ ਦੀ ਨੀਂਦ ਬਾਪੂ ਜੀ ਦੀ ਉੱਚੀ ਆਵਾਜ਼ ਵਿਚ ਫਤਹਿ ਬੁਲਾਉਣ ਨਾਲ ਹੀ ਖੁੱਲ੍ਹੀ ਸੀ। ਆਪਣੀ ਉਮਰ ਦੇ ਸੱਤਰਵਿਆਂ ਵਿਚ ਵੀ ਬਾਪੂ ਜੀ ਐਨੇ ਭੋਲੇ ਸਨ ਕਿ ਉਨ੍ਹਾਂ ਨੂੰ ਮੇਰਾ ਪੰਜ ਅੱਖਰਾਂ ਦਾ ਆਧੁਨਿਕ ਨਾਂ ਲੈਣਾ ਨਹੀਂ ਸੀ ਆ ਰਿਹਾ। ਉਹ ਤਾਂ ਭੂਆ ਗਿਆਨ ਕੌਰ ਵੱਲੋਂ ਰੱਖਿਆ ਮੇਰਾ ਨਾਂ ‘ਕੀਰਤਨ ਸਿੰਘ ਸੋਢੀ ਲੈ ਕੇ ਹੀ ਖੁਸ਼ ਸਨ। ਮੇਰੀ ਜਨਮ ਤਰੀਕ ਅਤੇ ਸਾਲ ਪੁੱਛਣ ’ਤੇ ਉਨ੍ਹਾਂ ਨੇ ਇੰਨਾ ਹੀ ਕਿਹਾ ਕਿ ਜਿਸ ਦਿਨ ਘਾਟੀ ਵਾਲੇ ਸਵਰਨ ਸਿੰਘ ਦੀ ਗਭਲੀ ਕੁੜੀ ਨੂੰ ਵਿਆਹੁਣ ਲਈ ਯੂ.ਪੀ. ਤੋਂ ਬਾਰਾਤ ਆ ਕੇ ਢੁਕੀ ਸੀ, ਉਸ ਦਿਨ ਇਹਦਾ ਜਨਮ ਹੋਇਆ ਸੀ। ਉਹ ਨਾਲ ਹੀ ਇਹ ਵੀ ਕਹਿ ਗਏ ਕਿ ਕਣਕ ਵੱਢ ਲਈ ਸੀ ਪਰ ਹਾਲੇ ਫਲ੍ਹੇ (ਗਹਾਈ) ਨਹੀਂ ਪਏ ਸਨ। ਹੈੱਡਮਾਸਟਰ ਨੇ ਅੰਦਾਜ਼ੇ ਨਾਲ 25 ਮਈ ਦੀ ਤਰੀਕ ਲਿੱਖ ਦਿੱਤੀ ਸੀ, ਹਾਲਾਂਕਿ ਬੇਬੇ ਜੀ ਨੇ, ਦਾਦਾ ਜੀ ਨੂੰ ਇਹ ਕਹਿ ਕੇ ਤੋਰਿਆ ਸੀ ਕਿ ਇਹਦਾ ਜਨਮ 15 ਜੇਠ ਦਾ ਹੈ। ਦਾਖਲਾ ਹੋਣ ਤੋਂ ਬਾਅਦ ਬੱਚਿਆਂ ਵਿੱਚ ਪਤਾਸੇ ਵੰਡੇ ਗਏ। ਮੈਂ ਪੱਕੀ ਵਿਚ ਨਾਂ ਲਿਖਾ ਕੇ ਖੁਸ਼ ਸਾਂ ਤੇ ਬੱਚੇ ਪਤਾਸੇ ਖਾ ਕੇ।
ਸਮਾਂ ਕਿੰਨਾ ਬਦਲ ਗਿਆ। ਮੇਰੇ ਬੇਟੇ ਤੇ ਬੇਟੀ ਦੇ ਜਨਮ ਬਾਰੇ ਸੋਚਣ ਤੋਂ ਪਹਿਲਾਂ ਹੀ ਯੋਜਨਾ ਬਣਨ ਲੱਗ ਪਈ ਸੀ ਕਿ ਬੱਚਿਆਂ ਦਾ ਜਨਮ ਇੰਜ ਪਲੈਨ ਕੀਤਾ ਜਾਵੇ ਕਿ ਮਾਰਚ ਮਹੀਨੇ ’ਚ ਦਾਖਲਿਆਂ ਵੇਲੇ ਉਹ ਢਾਈ ਸਾਲਾਂ ਦੇ ਹੋ ਜਾਣ। ਉਨ੍ਹਾਂ ਨੂੰ ਸਕੂਲ ਦਾਖਲ ਕਰਵਾਉਣ ਤੋਂ ਪਹਿਲਾਂ ਹੀ ਲੀਹ ’ਤੇ ਪਾਉਣ ਲਈ ਕਰੈਚ ਅਤੇ ਪ੍ਰੀ-ਨਰਸਰੀ ਵਿਚ ਪਾਈ ਰੱਖਿਆ ਸੀ। ਬੱਚਿਆਂ ਦੀ ਮਾਂ ਦਾ ਮੰਨਣਾ ਸੀ ਕਿ ਬੱਚੇ ਆਪਣੇ ਹਾਣ ਦੇ ਦੂਜੇ ਬੱਚਿਆਂ ਨਾਲ ਰਹਿ ਕੇ ਛੇਤੀ ਸਿੱਖਦੇ ਅਤੇ ਵਿਕਸਿਤ ਹੁੰਦੇ ਹਨ। ਬੇਟੇ ਨੂੰ ਕ੍ਰਿਸ਼ਚੀਅਨ ਸਕੂਲ ਵਿਚ ਦਾਖਲ ਕਰਵਾਉਣ ਲਈ ਚੰਡੀਗੜ੍ਹ ਦੇ ਇਕ ਚਰਚ ਦੇ ਪਾਦਰੀ ਦੀ ਸਿਫਾਰਸ਼ ਲੜਾਉਣੀ ਪਈ ਸੀ। ਡੀ.ਪੀ.ਆਈ. (ਸਕੂਲਜ਼) ਤੋਂ ਫੋਨ ਕਰਵਾ ਕੇ ਹੀ ਸਾਡੀ ਤਸੱਲੀ ਹੋਈ ਸੀ। ਸਕੂਲ ਜਾਣ ਦੇ ਪਹਿਲੇ ਦਿਨ ਪਾਈ ਜਾਣ ਵਾਲੀ ਡਰੈੱਸ ਖਰੀਦਣ ਲਈ ਕਈ ਦਿਨ ਲੱਗੇ ਸਨ। ਪਹਿਲੇ ਦਿਨ ਅਸੀਂ ਉਸ ਨੂੰ ਕਾਰ ਵਿਚ ਸਕੂਲ ਛੱਡਣ ਗਏ। ਘਰੋਂ ਤੁਰਨ ਤੋਂ ਬਾਅਦ ਗੁਰਦੁਆਰੇ ਮੱਥਾ ਟੇਕਿਆ ਤੇ ਫੇਰ ਕਲਾਸ ਦੇ ਬੱਚਿਆਂ ਦੀ ਗਿਣਤੀ ਮੁਤਾਬਕ ਚਾਕਲੇਟ ਮੁੱਲ ਲਏ, ਸਕੂਲ ਦੇ ਪ੍ਰਿੰਸੀਪਲ ਲਈ ਅਤੇ ਅਧਿਆਪਕਾਂ ਲਈ ਵੱਖ-ਵੱਖ ਡੱਬੇ।ਘਰ ਤੋਂ ਸਕੂਲ ਤੱਕ ਕਾਰ ਚਲਾਉਣ ਵੇਲੇ ਮੇਰੀਆਂ ਅੱਖਾਂ ਅੱਗੇ ਕਦੇ ਦਾਦਾ ਜੀ ਤੇ ਮੈਂ ਕੜਕਦੀ ਧੁੱਪ ਵਿਚ ਨੰਗੇ ਪੈਰੀਂ ਪੱਕੀ ਕਲਾਸ ’ਚ ਨਾਂ ਲਿਖਵਾਉਣ ਲਈ ਜਾ ਰਹੇ ਘੁੰਮ ਰਹੇ ਸਾਂ ਅਤੇ ਕਦੇ ਗੋਂਦੀ ਦੀ ਦੁਕਾਨ ਤੋਂ ਲਏ ਸਵਾ ਰੁਪਏ ਦੇ ਪਤਾਸੇ।

ਕਮਲਜੀਤ ਸਿੰਘ ਬਨਵੈਤ  ਸੰਪਰਕ: +91 98147-34035

December 29, 2017 |

ਸਿਧਾਂਤਾਂ ਤੋਂ ਸੇਧ ਲਵੇ ਸਿੱਖ ਪੰਥ

92

10206CD _MIDDLEਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਜਦੋਂ ਡੋਗਰਿਆਂ ਨੇ ਬਾਗ਼ੀ ਹੋਏ ਕੁਝ ਸਿੱਖ ਆਗੂਆਂ ਨੂੰ ਸ਼ਰਨ ਦੇਣ ਕਰਕੇ ਹਰੀਕੇ ਪੱਤਣ ਦੇ ਸਿੱਖ ਸਾਧੂ ਬਾਬਾ ਬੀਰ ਸਿੰਘ ਨੌਰੰਗਾਬਾਦੀ ਦੇ ਡੇਰੇ ਉਪਰ ਸਿੱਖ ਫ਼ੌਜਾਂ ਕੋਲੋਂ ਹੀ ਹਮਲਾ ਕਰਵਾ ਦਿੱਤਾ ਤਾਂ 1500 ਬੰਦੂਕਧਾਰੀ ਅਤੇ 3000 ਘੋੜਸਵਾਰ ਸਿਪਾਹੀ ਡੇਰੇ ਦੇ ਅੰਦਰ ਹੋਣ ਦੇ ਬਾਵਜੂਦ ਬਾਬਾ ਬੀਰ ਸਿੰਘ ਨੇ ਆਪਣੀਆਂ ਫ਼ੌਜਾਂ ਨੂੰ ਕੋਈ ਜਵਾਬੀ ਵਾਰ ਨਾ ਕਰਨ ਦੀ ਹਦਾਇਤ ਕੀਤੀ। ਉਹ ਆਖਣ ਲੱਗੇ, “ਕੀ ਹੋਇਆ ਜੇ ਉਹ ਭੁੱਲ ਗਏ ਹਨ ਕਿ ਅਸੀਂ ਉਨ੍ਹਾਂ ਦੇ ਭਰਾ ਹਾਂ, ਪਰ ਸਾਨੂੰ ਤਾਂ ਯਾਦ ਹੈ ਕਿ ਉਹ ਸਾਡੇ ਭਰਾ ਹਨ। ਇਸ ਕਰਕੇ ਸਾਡਾ ਧਰਮ ਨਹੀਂ ਕਿ ਆਪਣੇ ਭਰਾਵਾਂ ਉਪਰ ਵਾਰ ਕਰੀਏ।” ਹਥਿਆਰਬੰਦ ਫ਼ੌਜਾਂ ਦਾ ਸਮਰੱਥ ਦਲ ਹੋਣ ਦੇ ਬਾਵਜੂਦ ਬਾਬਾ ਬੀਰ ਸਿੰਘ ਨੌਰੰਗਾਬਾਦੀ ਨੇ ਪੂਰਨ ਸ਼ਾਂਤਮਈ ਰਹਿ ਕੇ ਤੋਪਾਂ ਦੇ ਗੋਲਿਆਂ ਨਾਲ ਫ਼ੀਤਾ-ਫ਼ੀਤਾ ਹੁੰਦਿਆਂ ਸ਼ਹਾਦਤ ਦੇ ਦਿੱਤੀ। ਇਹ ਮਿਸਾਲ ਲਗਭਗ ਪੌਣੇ ਦੋ ਸੌ ਸਾਲ ਪਹਿਲਾਂ ਦੇ ਸਿੱਖ ਕਿਰਦਾਰ ਦੀ ਹੈ।
ਮੌਜੂਦਾ ਹਾਲਾਤ ਸਿੱਖ ਪੰਥ ਲਈ ਕਾਫ਼ੀ ਚਿੰਤਾਜਨਕ ਹਨ। ਵਿਚਾਰਧਾਰਕ ਮਤਭੇਦਾਂ, ਜਥੇਬੰਦਕ ਧੜੇਬੰਦੀਆਂ ਅਤੇ ਸਿਆਸੀ ਹਿੱਤਾਂ ਨੂੰ ਲੈ ਕੇ ਕਈ ਵਾਰ ਅਜਿਹੇ ਹਾਲਾਤ ਪੈਦਾ ਹੋ ਜਾਂਦੇ ਹਨ ਕਿ ਇਤਿਹਾਸ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ। ਜਦੋਂ ਮੀਡੀਆ ਵਿਚ ਗੁਰਦੁਆਰਿਆਂ ਦੇ ਅੰਦਰ ਹੀ ਸਿੱਖਾਂ ਨੂੰ ਆਪਸ ਵਿਚ ਕਿਰਪਾਨਾਂ ਤਾਣੀ ਜਾਂ ਗੁੱਥਮ-ਗੁੱਥੀ ਹੁੰਦਿਆਂ ਇਕ ਦੂਜੇ ਦੀਆਂ ਦਸਤਾਰਾਂ ਦੀ ਬੇਅਦਬੀ ਕਰਦਿਆਂ ਦੇ ਦ੍ਰਿਸ਼ ਦਿਖਾਏ ਜਾਂਦੇ ਹਨ ਤਾਂ ਸਮੁੱਚੇ ਸੰਸਾਰ ਵਿਚ ਵੱਸਦੇ ਸਿੱਖ ਭਾਈਚਾਰੇ ਲਈ ਉਹ ਸ਼ਰਮਨਾਕ ਮੰਜ਼ਰ ਹੈ। ਹਰ ਸਾਲ ਛੇ ਜੂਨ ਨੂੰ ਸ੍ਰੀ ਦਰਬਾਰ ਸਾਹਿਬ ਸਮੂਹ, ਅੰਮ੍ਰਿਤਸਰ ਅੰਦਰ ਜੂਨ 1984 ਦੇ ਘੱਲੂਘਾਰੇ ਦੀ ਯਾਦ ਵਿਚ ਜਦੋਂ ਸਿੱਖ ਜੁੜਦੇ ਹਨ ਤਾਂ ਕੁਝ ਨਾ ਕੁਝ ਤਣਾਅਪੂਰਨ ਵਾਪਰਦਾ ਹੈ। ਇਸ ਵਾਰ ਵੀ ਘੱਲੂਘਾਰਾ ਦਿਵਸ ਨੂੰ ਲੈ ਕੇ ਤਣਾਅ ਬਣਿਆ ਹੋਇਆ ਹੈ। ਇਕ ਪਾਸੇ ਸ਼੍ਰੋਮਣੀ ਕਮੇਟੀ ਰਵਾਇਤੀ ਤਰੀਕੇ ਨਾਲ ਹਰ ਸਾਲ ਵਾਂਗ ਘੱਲੂਘਾਰਾ ਦਿਵਸ ਸਮਾਗਮ ਕਰੇਗੀ ਤੇ ਦੂਜੇ ਪਾਸੇ ਤੱਤੀ ਸੁਰ ਵਾਲੀਆਂ ਪੰਥਕ ਜਥੇਬੰਦੀਆਂ ਅਤੇ ਮੁਤਵਾਜ਼ੀ ਜਥੇਦਾਰ ਸ੍ਰੀ ਅਕਾਲ ਤਖ਼ਤ ’ਤੇ ਆਪਣਾ ਵੱਖਰਾ ਸਮਾਗਮ ਕਰਨ ਲਈ ਸਰਗਰਮ ਹਨ। ਅੱਜ ਸਿੱਖ ਪੰਥ ਨੂੰ ਭਰਾ-ਮਾਰੂ ਵਰਗੇ ਹਾਲਾਤ ਤੋਂ ਬਚਣ ਲਈ ਆਪਣੀਆਂ ਸ਼ਾਨਾਮੱਤੀਆਂ ਇਤਿਹਾਸਕ ਰਵਾਇਤਾਂ ਤੋਂ ਸੇਧ ਲੈਣ ਦੀ ਲੋੜ ਹੈ। ਭਾਵੇਂਕਿ ਸ਼ੁਰੂ ਤੋਂ ਹੀ ਸਿੱਖਾਂ ਵਿਚ ਜਥੇਬੰਦਕ ਮਤਭੇਦ, ਵਿਚਾਰਾਂ ਦਾ ਵਿਰੋਧਾਭਾਸ ਜਾਂ ਸਿਆਸੀ ਹਿੱਤਾਂ ਨੂੰ ਲੈ ਕੇ ਵਿਰੋਧਤਾਈਆਂ ਚੱਲਦੀਆਂ ਰਹੀਆਂ ਹਨ, ਪਰ ਇਸ ਦੇ ਬਾਵਜੂਦ ਸਿੱਖ,  ਸਿਧਾਂਤਕ ‘ਇਕਸੁਰਤਾ’ ਨੂੰ ਗੁਆਚਣ ਨਹੀਂ ਦਿੰਦੇ ਰਹੇ।
ਸਿੱਖ ਅਵਚੇਤਨ ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਕੀ ਅਜ਼ਮਤ ਹੈ ਅਤੇ ਸ਼ਬਦ ਗੁਰੂ ਦੀ ਹਜ਼ੂਰੀ ਵਿਚ ਸਿੱਖਾਂ ਦੇ ਆਪਸੀ ਰਿਸ਼ਤੇ ਕਿੰਨੇ ਪਾਕ ਅਤੇ ਪੀਡੇ ਹਨ, ਇਸ ਦੀ ਇਕ ਅਨੂਠੀ ਇਤਿਹਾਸਕ ਮਿਸਾਲ ਇਸ ਤਰ੍ਹਾਂ ਹੈ: ਮਹਾਰਾਜਾ ਰਣਜੀਤ ਸਿੰਘ ਦੀ ਸੱਸ ਮਹਾਰਾਣੀ ਸਦਾ ਕੌਰ ਦੀ ‘ਕਨ੍ਹੱਈਆ ਮਿਸਲ’ ਅਤੇ ਸਰਦਾਰ ਜੱਸਾ ਸਿੰਘ ਦੀ ‘ਰਾਮਗੜ੍ਹੀਆ ਮਿਸਲ’ ਦਾ ਇਕ-ਦੂਜੇ ਨਾਲ ਅੰਤਾਂ ਦਾ ਵੈਰ ਸੀ। ਦੋਵੇਂ ਧਿਰਾਂ ਕਿਤੇ ਵੀ ਇਕ ਦੂਜੇ ਦੇ ਸਿਪਾਹ-ਸਲਾਰਾਂ ਦੇ ਸਿਰ ਲਾਹੁਣ ਤੋਂ ਗੁਰੇਜ਼ ਨਹੀਂ ਕਰਦੀਆਂ ਸਨ। ਇਕ ਦਿਨ ਮਹਾਰਾਣੀ ਸਦਾ ਕੌਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਬੈਠੀ ਕੀਰਤਨ ਸਰਵਣ ਕਰ ਰਹੀ ਸੀ। ਅਚਾਨਕ ਉਸ ਦੇ ਇਕ ਸਿਪਾਹ-ਸਲਾਰ ਨੇ ਆ ਕੇ ਕੰਨ ’ਚ ਹੌਲੀ ਜਿਹੀ ਸੂਚਨਾ ਦਿੱਤੀ ਕਿ ਰਾਮਗੜ੍ਹੀਆ ਮਿਸਲ ਦੇ ਸਰਦਾਰ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆ ਰਹੇ ਹਨ। ਉਹ ਨਿਹੱਥੇ ਅਤੇ ਇਕੱਲੇ ਹਨ। ਬਦਲਾ ਲੈਣ ਦਾ ਸਾਨੂੰ ਇਸ ਤੋਂ ਵਧੀਆ ਮੌਕਾ ਕਦੇ ਨਹੀਂ ਮਿਲਣਾ। ਜੇ ਆਖੋ ਤਾਂ ਅਸੀਂ ਥਾਏਂ ਹੀ ਉਨ੍ਹਾਂ ਦੇ ਸਿਰ ਲਾਹ ਦੇਈਏ। ਮਹਾਰਾਣੀ ਸਦਾ ਕੌਰ ਤਹੱਮਲ ਨਾਲ ਆਖਣ ਲੱਗੀ, ‘ਤੁਸੀਂ ਠੀਕ ਕਹਿੰਦੇ ਹੋ ਕਿ ਇਸ ਤੋਂ ਵਧੀਆ ਦੁਸ਼ਮਣੀ ਕੱਢਣ ਦਾ ਮੌਕਾ ਸਾਨੂੰ ਕਦੇ ਨਹੀਂ ਮਿਲਣਾ, ਪਰ ਇਸ ਅਸਥਾਨ ’ਤੇ ਉਹ ਸਾਡੇ ਗੁਰ-ਭਾਈ ਹਨ, ਦੁਸ਼ਮਣ ਉਹ ਸ੍ਰੀ ਅੰਮ੍ਰਿਤਸਰ ਦੀ ਜੂਹ ਤੋਂ ਪਰ੍ਹੇ ਹੋਣਗੇ। ਇਹ ਮੁਕੱਦਸ ਅਸਥਾਨ ਸਿਰ ਲਾਹੁਣ ਨਹੀਂ, ਸਗੋਂ ਸਿਰ ਜੋੜ ਕੇ ਬੈਠਣ ਵਾਲੀ ਜਗ੍ਹਾ ਹੈ।’
ਗੁਰੂਆਂ ਨੇ ਕਦੇ ਵੀ ਜ਼ਾਤੀ ਹਿੱਤਾਂ ਨੂੰ ਲੈ ਕੇ ਟਕਰਾਅ ਦੀ ਨੀਤੀ ਧਾਰਨ ਨਹੀਂ ਕੀਤੀ ਕਿਉਂਕਿ ਉਨ੍ਹਾਂ ਦੇ ਉਦੇਸ਼ ਤੇ ਨਿਸ਼ਾਨੇ ਬੜੇ ਉੱਚੇ ਅਤੇ ਵਿਆਪਕ ਸਨ। ਨਾ ਸਿਰਫ਼ ਉਹ ਛੋਟੇ-ਛੋਟੇ ਵਿਰੋਧਾਂ ਤੋਂ ਬੇਪ੍ਰਵਾਹ ਰਹੇ ਸਗੋਂ ਉਨ੍ਹਾਂ ਨਿਮਰਤਾ, ਹਲੀਮੀ, ਸਹਿਣਸ਼ੀਲਤਾ ਅਤੇ ਪਿਆਰ ਨਾਲ ‘ਵਿਰੋਧੀ’ ਨੂੰ ਵੀ ‘ਆਪਣਾ’ ਬਣਾ ਲਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਜਦੋਂ ਸ੍ਰੀ ਅੰਮ੍ਰਿਤਸਰ ਆਏ ਤਾਂ ਪ੍ਰਿਥੀ ਚੰਦ ਦੇ ਵਾਰਸਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਦਾ ਦਰਵਾਜ਼ਾ ਬੰਦ ਕਰ ਦਿੱਤਾ, ਪਰ ਗੁਰੂ ਜੀ ਮਸੰਦਾਂ ਨਾਲ ਝਗੜਾ ਕਰਨ ਦੀ ਥਾਂ ਅੰਮ੍ਰਿਤ ਸਰੋਵਰ ਵਿਚ ਇਸ਼ਨਾਨ ਕਰਨ ਤੋਂ ਬਾਅਦ ਬਾਹਰੋਂ ਹੀ ਸ੍ਰੀ ਹਰਿਮੰਦਰ ਸਾਹਿਬ ਵੱਲ ਨਮਸਕਾਰ ਕਰਕੇ ਪਰਤ ਗਏ। ਸਿੱਖ ਪੰਥ ਵਿਚ ਇਸ ਤਰ੍ਹਾਂ ਦੀਆਂ ਬਹੁਤ ਮਿਸਾਲਾਂ ਹਨ।
ਅੱਜ ਅਸੀਂ ਭਾਵੇਂ ਬਹੁਤ ਸਾਰੇ ਜਥੇਬੰਦਕ ਧੜਿਆਂ ਵਿਚ ਵੰਡੇ ਹੋਈਏ, ਸਾਡੇ ਵਿਚਾਰਧਾਰਕ ਮਤਭੇਦ ਹੋਣ, ਸਾਡੀਆਂ ਰਾਜਨੀਤਕ ਤਰਜੀਹਾਂ ਅੱਡੋ-ਅੱਡਰੀਆਂ ਹੋਣ, ਰਾਜਨੀਤੀ ਦੇ ਮੈਦਾਨ ਵਿਚ ਸਾਡੀਆਂ ਵਿਰੋਧਤਾਈਆਂ ਕਿੰਨੀਆਂ ਵੀ ਤਿੱਖੀਆਂ ਹੋਣ, ਪਰ ਇਸ ਸਭ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤੇ ਸ੍ਰੀ ਦਰਬਾਰ ਸਾਹਿਬ ਦੀ ਜੂਹ ਦੇ ਅੰਦਰ ਸਾਨੂੰ ਬੱਸ ਇਕੋ ਗੱਲ ਯਾਦ ਹੋਣੀ ਚਾਹੀਦੀ ਹੈ,‘ਅਸੀਂ ਸਾਰੇ ਸਿੱਖ ਹਾਂ ਅਤੇ ਆਪਸ ਵਿਚ ਗੁਰ-ਭਾਈ ਹਾਂ।’ ਜੇ ਸਾਡੇ ਪੱਲੇ ਇਹ ਸਿਧਾਂਤਕ ਗੁਣ ਪੈ ਜਾਵੇ ਤਾਂ ਕਦੇ ਵੀ ਸਿੱਖ ਦੇ ਸਾਹਮਣੇ ਕਿਰਪਾਨ ਤਾਣੀ ਸਿੱਖ ਖੜ੍ਹਾ ਦਿਖਾਈ ਨਹੀਂ ਦੇਵੇਗਾ। ਕਦੇ ਵੀ ਮੀਡੀਆ ਨੂੰ ਸਿੱਖਾਂ ਨੂੰ ਹੀ ਸਿੱਖਾਂ ਦੀਆਂ ਦਸਤਾਰਾਂ ਲਾਹੁੰਦਿਆਂ ਦਿਖਾਉਣ ਦਾ ਮੌਕਾ ਨਹੀਂ ਮਿਲ ਸਕੇਗਾ।
ਤਲਵਿੰਦਰ ਸਿੰਘ ਬੁੱਟਰ    ਸੰਪਰਕ: 98780-70008

 

June 5, 2017 |

ਚੀਨ ਦੀ ਕੰਧ, ਮੋਦੀ ਤੇ ਟਰੰਪ

6

Great wall of Chinaਚੀਨ ਦੀ ਕੰਧ ਏਨੀ ਵੱਡੀ ਹੈ ਕਿ ਇਹ ਪੁਲਾੜ ਵਿੱਚੋਂ ਵੀ ਨਜ਼ਰ ਆਉਂਦੀ ਹੈ ਪਰ ਫ਼ਿਰਕਿਆਂ, ਮਜ਼ਹਬਾਂ, ਜਾਤਾਂ ਅਤੇ ਧਰਮਾਂ ਦੇ ਨਾਂ ਕੱਢੀਆਂ ਜਾਂਦੀਆਂ ਕੰਧਾਂ ਵੱਖਰੀ ਕਿਸਮ ਦੀਆਂ ਹੁੰਦੀਆਂ ਹਨ। ਇਹ ਦਿਖਾਈ ਨਹੀਂ ਦਿੰਦੀਆਂ, ਜਿਸ ਕਰਕੇ ਇਨ੍ਹਾਂ ਤੋਂ ਪਾਰ ਜਾਣਾ ਔਖਾ ਹੁੰਦਾ ਹੈ। ਦੇਸ਼ ਵਿੱਚ ਜਦੋਂ ਤੋਂ ‘ਅੱਛੇ ਦਿਨ’ ਆਏ ਹਨ, ਉਦੋਂ ਤੋਂ ਇਹ ਕੰਧਾਂ ਹੋਰ ਵੀ ਉੱਚੀਆਂ ਹੋਣ ਲੱਗੀਆਂ ਹਨ। ਮੱਧ ਪ੍ਰਦੇਸ਼, ਗੁਜਰਾਤ, ਦਾਦਰੀ, ਜੰਮੂ-ਕਸ਼ਮੀਰ ਅਤੇ ਮੁਲਕ ਦੇ ਹੋਰ ਖ਼ਿੱਤਿਆਂ ਵਿੱਚ ਇਹ ਕੰਧਾਂ ਧੜਾਧੜ ਉਸਰ ਅਤੇ ਮਜ਼ਬੂਤ ਹੋ ਰਹੀਆਂ ਹਨ।
ਭਾਜਪਾ ਨੇ ਸੱਤਾ ਵਿੱਚ ਆਉਣ ਲਈ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ, ਜਿਨ੍ਹਾਂ ਵਿੱਚੋਂ ਇਕ ਕਾਲੇ ਧਨ ਦੇ ਖਾਤਮੇ ਦਾ ਵੀ ਸੀ। ਇਸ ਨੂੰ ਪੁਗਾਉਣ ਵਾਸਤੇ ਹਾਲ ਹੀ ਵਿੱਚ ਜੋ ‘ਪ੍ਰਬੰਧ’ ਕੀਤਾ ਗਿਆ ਹੈ, ਉਸ ਨੇ ਦੇਸ਼ ਦੀ ਵੱਡੀ ਆਬਾਦੀ ਸੜਕਾਂ ’ਤੇ ਲਿਆ ਖੜ੍ਹੀ ਕੀਤੀ ਹੈ। ਲੋਕ ਨਵੇਂ ਨੋਟ ਲੈਣ ਲਈ ਸਵੇਰੇ ਹੀ ਬੈਂਕਾਂ ਅੱਗੇ ਕਤਾਰਾਂ ਵਿੱਚ ਲੱਗ ਜਾਂਦੇ ਹਨ ਤੇ ਦਿਨ ਭਰ ਦੀ ਖੱਜਲ-ਖੁਆਰੀ ਪਿੱਛੋਂ ਦੋ ਤੋਂ ਚਾਰ ਹਜ਼ਾਰ ਰੁਪਏ ਬਦਲਵਾ ਲਿਆਉਂਦੇ ਹਨ। ਕਈਆਂ ਨੂੰ ਤਾਂ ਖਾਲੀ ਹੱਥ ਹੀ ਮੁੜਨਾ ਪੈਂਦਾ ਹੈ। ਦਿਹਾੜੀਦਾਰਾਂ ਤੇ ਮੱਧ ਵਰਗੀ ਪਰਿਵਾਰਾਂ ਨੂੰ ਤਾਂ ਦੋ ਡੰਗ ਦੀ ਰੋਟੀ ਦਾ ਪ੍ਰਬੰਧ ਕਰਨਾ ਔਖਾ ਹੋਇਆ ਪਿਆ ਹੈ। ਦੂਜੇ ਪਾਸੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਕਾਲੇ ਧਨ ਅੱਗੇ ਕੱਢੀ ਇਹ ਕੰਧ ਬੌਣੀ ਹੀ ਹੈ ਕਿਉਂਕਿ ਇਸ ਨਾਲ ਕਰੰਸੀ ਨਾਲ ਸਬੰਧਿਤ ਕੁੱਲ ਕਾਲੇ ਧਨ ਦਾ 20 ਫ਼ੀਸਦੀ ਵੀ ਪ੍ਰਾਪਤ ਨਹੀਂ ਹੋਣਾ। ਵੱਡੇ ਕਾਰੋਬਾਰੀ ਤਾਂ ਪਹਿਲਾਂ ਹੀ ਆਪਣੀ ਦੋ ਨੰਬਰ ਦੀ ਕਮਾਈ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾਂ ਕਰਵਾ ਦਿੰਦੇ ਹਨ ਤੇ ਬਾਕੀ ਸੋਨਾ ਜਾਂ ਪ੍ਰਾਪਰਟੀ ਖ਼ਰੀਦ ਕੇ ਖਪਾ ਦਿੰਦੇ ਹਨ। ਹਾਂ ਬਾਕੀ ਜਨਤਾ ਜ਼ਰੂਰ ਇਸ ਕੰਧ ਦੇ ਅੜਿੱਕੇ ਕਾਰਨ ਗਿੱਟੇ-ਗੋਡੇ ਰਗੜਵਾ ਰਹੀ ਹੈ।
ਭਾਰਤ ਵਾਸੀਆਂ ਵਾਂਗ ਇਸ ਵਾਰ ਅਮਰੀਕਾ ਦੇ ਲੋਕਾਂ ਨੇ ਵੀ ‘ਅਬਕੀ ਬਾਰ ਟਰੰਪ ਸਰਕਾਰ’ ਦੀ ਚੋਣ ਕੀਤੀ ਹੈ। ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਕੋਈ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਕਿ ਡੋਨਲਡ ਟਰੰਪ ਰਾਸ਼ਟਰਪਤੀ ਪਦ ਜਿਹਾ ਵੱਕਾਰੀ ਅਹੁਦਾ ਹਾਸਲ ਕਰ ਲਵੇਗਾ। ਉਸ ਦਾ ਅਕਸ ਧੱਕੜ ਕਾਰੋਬਾਰੀ ਵਾਲਾ ਹੈ ਜੋ ਆਪਣੇ ਮਕਸਦ ਦੀ ਪੂਰਤੀ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਇਹ ਚੋਣ ਜਿੱਤਣ ਵਾਸਤੇ ਵੀ ਉਸ ਨੇ ਕੁਝ ਵੱਖਰਾ ਹੀ ਢੰਗ ਅਪਣਾਇਆ। ਉਸ ਨੇ ਅਮਰੀਕਾ ਵਾਸੀਆਂ ਨੂੰ ਨਸਲਪ੍ਰਸਤੀ ਦੀ ਪਾਣ ਚਾੜ੍ਹਦਿਆਂ ਸਮਝਾਇਆ ਕਿ ਅਮਰੀਕੀ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਉਹ ਹੀ ਸਭ ਤੋਂ ਉੱਤਮ ਹੈ। ਬਾਹਰਲਿਆਂ ਨੂੰ ਛੇਤੀ ਹੀ ਇਨ੍ਹਾਂ ਦੇ ਘਰੀਂ ਤੋਰ ਦਿੱਤਾ ਜਾਵੇਗਾ। ਮੁਸਲਮਾਨਾਂ ਨੂੰ ਦੇਸ਼ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਅਮਰੀਕਾ ’ਚ ਵੱਡੇ ਪੱਧਰ ਦੇ ਕੰਮ ਕਰਨ ਵਾਲੀ ਮਜ਼ਦੂਰ ਜਮਾਤ ਮੈਕਸਿਕਨਾਂ ਨੂੰ ਰੋਕਣ ਲਈ ਅਮਰੀਕਾ ਤੇ ਮੈਕਸਿਕੋ ਦੀ ਸਰਹੱਦ ’ਤੇ ਕੰਧ ਕੱਢ ਦਿੱਤੀ ਜਾਵੇਗੀ। ਉਸ ਵੱਲੋਂ ਫੈਲਾਏ ਇਸ ਜਾਲ ਵਿੱਚ ਵੱਡੀ ਗਿਣਤੀ ਵੋਟਰ ਫਸ ਗਏ। ਦੇਸ਼ ਨੂੰ ਦਰਪੇਸ਼ ਹੋਰ ਚੁਣੌਤੀਆਂ ਦੇ ਮੁੱਦੇ ’ਤੇ ਜਿੱਥੇ ਕਿਤੇ ਵੀ ਉਹ ਆਪਣੇ ਆਪ ਨੂੰ ਘਿਰਿਆ ਮਹਿਸੂਸ ਕਰਦਾ ਤਾਂ ਉਹ ਮੈਕਸਿਕੋ ਦੀ ਸਰਹੱਦ ’ਤੇ ਕੰਧ ਕੱਢਣ ਦਾ ਰਾਗ ਛੋਹ ਲੈਂਦਾ ਤੇ ਲੋਕ ਤਾੜੀਆਂ ਮਾਰ-ਮਾਰ ਕੇ ਉਸ ਦਾ ਸਵਾਗਤ ਕਰਦੇ। ਆਖਰ ਟਰੰਪ ਨੇ ਚੋਣ ਜਿੱਤ ਲਈ ਤੇ ਇਸ ਦੇ ਨਾਲ ਹੀ ਉਸ ਨੇ ਆਪਣੇ ਇਨ੍ਹਾਂ ਚੋਣ ਵਾਅਦਿਆਂ ਨੂੰ ਪੂਰੇ ਕਰਨ ਦੇ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਹਨ, ਜਿਸ ਤੋਂ ਉਥੋਂ ਦੇ ਲੋਕਾਂ ਨੂੰ ਵੀ ‘ਅੱਛੇ ਦਿਨ’ ਆਉਣ ਦੇ ਸੰਕੇਤ ਮਿਲਣ ਲੱਗੇ ਹਨ।
ਹੁਣ ਚੀਨ ਦੀ ਕੰਧ ਦੀ ਗੱਲ ਕਰਦੇ ਹਾਂ ਜੋ ਚੀਨੀ ਸ਼ਾਸਕਾਂ ਨੇ ਹਮਲਾਵਰਾਂ ਨੂੰ ਰੋਕਣ ਵਾਸਤੇ ਬਹੁਤ ਜੱਦੋਜਹਿਦ ਨਾਲ ਬਣਾਈ ਸੀ। ਇਸ ਕੰਧ ਦੀ ਉਸਾਰੀ ਕਰਦਿਆਂ ਹਜ਼ਾਰਾਂ ਲੋਕੀਂ ਮੌਤ ਦੇ ਮੂੰਹ ਜਾ ਪਏ ਸਨ ਪਰ ਲੰਮੇ ਅਰਸੇ ਤੱਕ ਇਸ ਦੀ ਉਸਾਰੀ ਹੁੰਦੀ ਰਹੀ। ਇਸ ਕੰਧ ਨੂੰ ਅਜਿੱਤ ਮੰਨਿਆ ਜਾਂਦਾ ਹੈ। ਕੋਈ ਇਸ ਨੂੰ ਤੋੜ ਨਹੀਂ ਸਕਦਾ ਤੇ ਨਾ ਹੀ ਇਸ ਨੂੰ ਟੱਪਿਆ ਜਾ ਸਕਦਾ ਹੈ। ਇਹ ਸਾਰੀਆਂ ਗੱਲਾਂ ਮੰਗੋਲ ਹਮਲਾਵਰ ਚੰਗੇਜ਼ ਖ਼ਾਨ ਨੂੰ ਵੀ ਪਤਾ ਸਨ ਪਰ ਉਹ ਚੀਨ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸ ਨੂੰ ਭਾਵੇਂ ਜ਼ਾਲਮ ਸ਼ਾਸਕ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਹੈ ਪਰ ਉਹ ਆਪਣੀ ਧੁਨ ਦਾ ਪੱਕਾ ਸੀ। ਉਸ ਨੇ ਚੀਨ ਜਿੱਤਣ ਦੀ ਚੁਣੌਤੀ ਸਵੀਕਾਰ ਕੀਤੀ ਤੇ ਆਪਣੀ ਫ਼ੌਜ ਸਮੇਤ ਕੰਧ ਦੇ ਨਾਲ ਅੱਗੇ ਵਧਦਾ ਆਇਆ ਅਤੇ ਜਿੱਥੇ ਕੰਧ ਖਤਮ ਹੋ ਗਈ, ਉੱਥੋਂ ਉਹ ਚੀਨ ਵਿੱਚ ਦਾਖ਼ਲ ਹੋ ਗਿਆ। ਉਸ ਨੇ ਚੀਨ ’ਤੇ ਜਿੱਤ ਹਾਸਲ ਕਰਕੇ ਦਰਸਾ ਦਿੱਤਾ ਕਿ ਕਈ ਵਾਰ ਕੰਧਾਂ ਟੱਪਣ ਦੀ ਲੋੜ ਨਹੀਂ ਪੈਂਦੀ, ਮਿਥੇ ਮੰਤਵ ਦੀ ਪੂਰਤੀ ਲਈ ਰਸਤੇ ਹੋਰ ਵੀ ਹੁੰਦੇ ਹਨ।
………………ਅਮ੍ਰਤ ਸੰਪਰਕ: 98726-61846

November 29, 2016 |

ਕੇਜਰੀਵਾਲ ਅਤੇ ਪੰਜਾਬ : ਕਿਸਨੂੰ ਕਿਸਦੀ ਲੋੜ ?

0

ਭਾਰਤੀ ਸਿਆਸਤ ਵਿੱਚ ਇੱਕ ਗੱਲ ਅਕਸਰ ਹੀ ਕਹੀ ਜਾਂਦੀ ਹੈ ਕਿ ਦਿੱਲੀ ਦਾ ਰਸਤਾ ਉੱਤਰ ਪ੍ਰਦੇਸ਼ ਤੋਂ ਹੀ ਹੋ ਕੇ ਜਾਂਦਾ ਹੈ। ਇਹ ਗੱਲ ਸ਼ਾਇਦ ਇਸ ਲਈ ਕਹੀ ਜਾਂਦੀ ਹੋਵੇ ਕਿਉਂਕਿ ਉੱਤਰ ਪ੍ਰਦੇਸ਼ ਤੋਂ ਦੇਸ਼ ਦੀ ਪਾਰਲੀਮੈਂਟ ਲਈ ਸਭ ਤੋਂ ਵੱਧ ਮੈਂਬਰ ਚੁਣ ਕੇ ਆਉਂਦੇ ਹਨ। ਹੁਣ ਤੱਕ ਹੋਏ ਪ੍ਰਧਾਨ ਮੰਤਰੀਆਂ ਵਿਚੋਂ ਵੀ ਬਹੁਗਿਣਤੀ ਉੱਤਰ ਪ੍ਰਦੇਸ਼ ਤੋਂ ਹੀ ਆਈ ਹੈ। ਪੰਡਿਤ ਜਵਾਹਰਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਇੰਦਰਾ ਗਾਂਧੀ, ਰਾਜੀਵ ਗਾਂਧੀ, ਚੌਧਰੀ ਚਰਨ ਸਿੰਘ, ਵੀ.ਪੀ. ਸਿੰਘ, ਚੰਦਰ ਸ਼ੇਖਰ ਅਤੇ ਅਟਲ ਬਿਹਾਰੀ ਵਾਜਪਾਈ ਆਦਿ ਸਾਰੇ ਉੱਤਰ ਪ੍ਰਦੇਸ਼ ਤੋਂ ਹੀ ਚੁਣ ਕੇ ਆਏ। ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਭਾਵੇਂ ਗੁਜਰਾਤ ਤੋਂ ਹਨ ਪਰ ਚੁਣ ਕੇ ਉਹ ਵੀ ਉੱਤਰ ਪ੍ਰਦੇਸ਼ ਦੇ ਵਾਰਾਣਸੀ ਤੋਂ ਹੀ ਆਏ ਹਨ। ਇਸ ਕਰਕੇ ਹੁਣ ਤੱਕ ਉੱਤਰ ਪ੍ਰਦੇਸ਼ ਨੂੰ ਹੀ ਦਿੱਲੀ ਸੰਸਦ ਦਾ ਮੁੱਖ ਰਸਤਾ ਮੰਨਿਆ ਗਿਆ ਹੈ। ਪਰ ਹੁਣ ਜਦੋਂ ਆਮ ਆਦਮੀ ਪਾਰਟੀ ਵੀ ਦੇਸ਼ ਦੀ ਕੇਂਦਰੀ ਸਿਆਸਤ ਨੂੰ ਪ੍ਰਭਾਵਤ ਕਰ ਰਹੀ ਹੈ ਤਾਂ ਇਹ ਸ਼ਾਇਦ ਪਹਿਲੀ ਵਾਰ ਹੈ ਕਿ ਦੇਸ਼ ਦੀ ਕੇਂਦਰੀ ਸੱਤਾ ਦੇ ਸੁਪਨੇ ਵੇਖਣ ਵਾਲੀ ਕੋਈ ਪਾਰਟੀ ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਹੀ ਨਹੀਂ ਲੜ ਰਹੀ। ਭਾਵੇਂ ਕਿ ਦਿੱਲੀ ਵਿੱਚ ਉਸ ਨੇ ਆਪਣੀ ਭਾਰੀ ਬਹੁਮਤ ਵਾਲੀ ਸਰਕਾਰ ਬਣਾਈ ਹੈ ਪਰ ਇੱਕ ਮੁਕੰਮਲ ਸੂਬਾ ਨਾ ਹੋਣ ਕਰਕੇ ਦਿੱਲੀ ਦੇ ਮੁੱਖ ਮੰਤਰੀ ਕੋਲ ਇੰਨੀਆਂ ਤਾਕਤਾਂ ਨਹੀਂ ਹੁੰਦੀਆਂ ਕਿ ਉਹ ਆਪਣੇ ਪੱਧਰ ਉੱਤੇ ਕੋਈ ਕਮਾਲ ਵਿਖਾ ਸਕੇ। ਇਸ ਲਈ ਇਹ ਪਾਰਟੀ ਆਪਣੀ ਅਸਲੀ ਸ਼ੁਰੂਆਤ ਸ਼ਾਇਦ ਪੰਜਾਬ ਤੋਂ ਕਰਨਾ ਚਾਹੁੰਦੀ ਹੈ।

ਅਜਿਹੇ ਹਾਲਾਤ ਵਿੱਚ ਇਸ ਭਖਦੇ ਮੁੱਦੇ ਉੱਤੇ ਵਿਚਾਰ ਕਰਨਾ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਕੀ ਕੇਜਰੀਵਾਲ ਸੱਚਮੁੱਚ ਹੀ ਪੰਜਾਬ ਪ੍ਰਤੀ ਗੰਭੀਰ ਹੈ। ਕਿਤੇ ਉਹ ਵੀ ਪੰਜਾਬੀਆਂ ਦੀ ਅਥਾਹ ਦਰਿਆਦਿਲੀ ਅਤੇ ਅਮੋੜ ਵੇਗ ਨੂੰ ਸਿਰਫ ਆਪਣੇ ਸਿਆਸੀ ਹਿੱਤਾਂ ਲਈ ਹੀ ਤਾਂ ਨਹੀਂ ਵਰਤ ਜਾਵੇਗਾ ? ਕਿਤੇ ਉਹ ਵੀ ਹੋਰਨਾਂ ਸਿਆਸੀ ਨੇਤਾਵਾਂ ਵਾਂਗ ਕੋਈ ਫਸਲੀ ਬਟੇਰਾ ਤਾਂ ਨਹੀਂ ਸਾਬਤ ਹੋਵੇਗਾ ? ਕੇਜਰੀਵਾਲ ਦੇ ਕੱਟੜ ਵਿਰੋਧੀਆਂ ਦੇ ਮੁਤਾਬਕ ਤਾਂ ਉਹ ਸਿਰਫ ਸੱਤਾ ਦਾ ਭੁੱਖਾ ਹੈ। ਉਸਦਾ ਸਿਰਫ ਇੱਕ ਹੀ ਨਿਸ਼ਾਨਾ ਪੰਜਾਬ ਦੀ ਗੱਦੀ ਉੱਤੇ ਕਾਬਜ਼ ਹੋਣਾ ਹੈ ਅਤੇ ਪੰਜਾਬ ਦੇ ਮਸਲਿਆਂ ਨਾਲ ਉਸਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਮੁਤਾਬਕ ਪੰਜਾਬ ਨਾਲ ਆਪਣਾ ਮੋਹ ਵਿਖਾ ਕੇ ਕੇਜਰੀਵਾਲ, ਪੰਜਾਬੀ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਅਤੇ ਅਸਲ ਵਿੱਚ ਤਾਂ ਉਹ ਪੰਜਾਬ ਨੂੰ ਪੌੜੀ ਬਣਾ ਕੇ 2019 ਵਿੱਚ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਵੇਖਦਾ ਹੈ। ਕੁਝ ਵਿਰੋਧੀ ਉਸਨੂੰ ਇੱਕ ਭਗੌੜਾ ਬਣਾ ਕੇ ਵੀ ਪੇਸ਼ ਕਰ ਰਹੇ ਹਨ ਜਿਹੜਾ ਦਿੱਲੀ ਵਾਲੀ ਜੰਗ ਵਿੱਚੇ ਛੱਡ ਕੇ ਪੰਜਾਬ ਆਣ ਪਹੁੰਚਿਆ ਹੈ। ਪਰ ਪੰਜਾਬ ਵਿੱਚ ਕੇਜਰੀਵਾਲ ਦਾ ਜਾਦੂ ਅਜੇ ਵੀ ਪਹਿਲਾਂ ਵਾਂਗੂੰ ਹੀ ਸਿਰ ਚੜ੍ਹ ਕੇ ਬੋਲ ਰਿਹਾ ਹੈ। ਪੇਂਡੂ ਲੋਕਾਂ ਨੂੰ ਜਿਵੇਂ ਕਿਸੇ ਵੇਲੇ ਕੈਪਟਨ ਦੀ ਦਲੇਰੀ ਪਸੰਦ ਆਉਂਦੀ ਸੀ ਅੱਜ ਬਾਦਲ, ਮੋਦੀ ਅਤੇ ਰਿਲਾਇੰਸ ਵਰਗੀਆਂ ਵੱਡੀਆਂ ਤਾਕਤਾਂ ਸਾਹਮਣੇ ਹਿੱਕ ਤਾਣ ਕੇ ਖੜਾ ਕੇਜਰੀਵਾਲ ਉਹਨਾਂ ਨੂੰ ਖਿੱਚ ਪਾਉਂਦਾ ਹੈ। ਭਾਵੇਂ ਕਿ ਆਉਣ ਵਾਲੇ ਸਮੇਂ ਵਿੱਚ ਇਸਦੇ ਨਤੀਜੇ ਕੁਝ ਵੀ ਹੋਣ ਪਰ ਅੱਜ ਦੀ ਸਚਾਈ ਤਾਂ ਇਹੀ ਹੈ ਕਿ ਦੋਵੇਂ ਹੀ ਇੱਕ ਦੂਜੇ ਦੀ ਲੋੜ ਮਹਿਸੂਸ ਕਰਦੇ ਹਨ।

ਹੁਣ ਜੇਕਰ ਵਿਰੋਧੀਆਂ ਦੇ ਦੋਸ਼ਾਂ ਦੀ ਡੂੰਘਾਈ ਤੱਕ ਜਾਂਚ ਕਰਨੀ ਹੋਵੇ ਤਾਂ ਸਾਨੂੰ ਜਜ਼ਬਾਤੀ ਪਹੁੰਚ ਤੋਂ ਬਾਹਰ ਆ ਕੇ ਜ਼ਮੀਨੀ ਪਹੁੰਚ ਅਪਨਾਉਣੀ ਪਏਗੀ। ਸਾਨੂੰ ਇਹ ਤਾਂ ਮੰਨਣਾ ਹੀ ਪਏਗਾ ਕਿ ਹਰ ਸਿਆਸਤਦਾਨ ਸੱਤਾ ਦਾ ਭੁੱਖਾ ਹੁੰਦਾ ਹੈ ਅਤੇ ਕੇਜਰੀਵਾਲ ਵੀ ਸਿਆਸਤਦਾਨ ਹੀ ਹੈ, ਕੋਈ ਫਕੀਰ ਜਾਂ ਸੰਨਿਆਸੀ ਤਾਂ ਹੈ ਨਹੀਂ। ਸਿਆਸਤਦਾਨ ਨੇ ਸਿਆਸਤ ਹੀ ਕਰਨੀ ਹੁੰਦੀ ਹੈ, ਕੋਈ ਭਜਨ-ਬੰਦਗੀ ਤਾਂ ਕਰਨੀ ਨਹੀਂ ਹੁੰਦੀ। ਨਾਲੇ ਕਹਿਣ ਨੂੰ ਤਾਂ ਭਾਵੇਂ ਕੋਈ ਨੇਤਾ ਜੋ ਮਰਜ਼ੀ ਕਹੀ ਜਾਵੇ ਕਿ ‘ਮੈਂ ਤਾਂ ਸਿਰਫ ਲੋਕ-ਸੇਵਾ ਲਈ ਹੀ ਸਿਆਸਤ ਵਿੱਚ ਆਇਆ ਹਾਂ, ਮੈਨੂੰ ਤਾਕਤ ਦੀ ਕੋਈ ਭੁੱਖ ਨਹੀਂ ਹੈ।’ ਪਰ ਹਰ ਸਿਆਸੀ ਆਗੂ ਨੂੰ ਸੱਤਾ ਦੀ ਭੁੱਖ ਤਾਂ ਹਮੇਸ਼ਾ ਹੀ ਰਹਿੰਦੀ ਹੈ ਅਤੇ ਰਹੇਗੀ। ਸੱਤਾ ਦੀ ਇਸ ਭੁੱਖ ਦਾ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਜਦੋਂ ਤੱਕ ਤੁਹਾਨੂੰ ਸੱਤਾ ਨਹੀਂ ਮਿਲਦੀ ਉਦੋਂ ਤੱਕ ਤੁਸੀਂ ਆਪਣੀਆਂ ਨੀਤੀਆਂ ਨਹੀਂ ਲਾਗੂ ਕਰ ਸਕਦੇ। ਮਿਸਾਲ ਦੇ ਤੌਰ ਤੇ ਖੱਬੇ ਪੱਖੀ ਪਾਰਟੀਆਂ ਭਾਰਤ ਵਿੱਚ ਆਪਣੀਆਂ ਨੀਤੀਆਂ ਇਸ ਲਈ ਲਾਗੂ ਨਹੀਂ ਕਰ ਸਕੀਆਂ ਕਿਉਂਕਿ ਉਹਨਾਂ ਨੂੰ ਕਦੇ ਕੇਂਦਰ ਵਿੱਚ ਮੁਕੰਮਲ ਸੱਤਾ ਹੀ ਨਹੀਂ ਮਿਲ ਸਕੀ। ਅੰਨਾ ਹਜ਼ਾਰੇ ਵਰਗੇ ਲੋਕ ਜਿੰਨੇ ਮਰਜ਼ੀ ਇਮਾਨਦਾਰ ਹੋਣ ਪਰ ਜੇਕਰ ਸੱਤਾ ਨਾ ਮਿਲੇ ਤਾਂ ਸਿਰਫ ਅੰਦੋਲਨਾਂ ਨਾਲ ਹੀ ਸਾਰੇ ਨਿਸ਼ਾਨੇ ਨਹੀਂ ਪੂਰੇ ਕੀਤੇ ਜਾ ਸਕਦੇ। ਇਸ ਲਈ ਸੱਤਾ ਲਈ ਹੱਥ-ਪੈਰ ਮਾਰਨੇ ਤਾਂ ਇੱਕ ਸਿਆਸਤਦਾਨ ਦੀ ਮਜ਼ਬੂਰੀ ਹੀ ਬਣ ਜਾਂਦੀ ਹੈ ਅਤੇ ਇਹ ਕੋਈ ਮਿਹਣੇ ਵਾਲੀ ਗੱਲ ਨਹੀਂ ਹੈ।

ਪਰ ਕੇਜਰੀਵਾਲ ਦੇ ਵਿਰੋਧੀਆਂ ਦੇ ਬਾਕੀ ਦੋਸ਼ਾਂ ਵਿਚੋਂ ਬਹੁਤ ਸਾਰੇ ਦੋਸ਼ ਆਪਾ-ਵਿਰੋਧੀ ਵੀ ਹਨ। ਉਹਨਾਂ ਵਿਚੋਂ ਜੇਕਰ ਇੱਕ ਦੋਸ਼ ਨੂੰ ਠੀਕ ਮੰਨੀਏ ਤਾਂ ਦੂਜਾ ਗਲਤ ਸਾਬਤ ਹੋ ਜਾਂਦਾ ਹੈ। ਜਿਵੇਂ ਕਿ ਜੇਕਰ ਇਹ ਗੱਲ ਮੰਨ ਵੀ ਲਈਏ ਕਿ ਕੇਜਰੀਵਾਲ ਪੰਜਾਬ ਨੂੰ ਸਿਰਫ ਪੌੜੀ ਹੀ ਬਣਾਉਣੀ ਚਾਹੁੰਦਾ ਹੈ ਅਤੇ ਕੁਝ ਵੀak ਕਰਨ ਲਈ ਗੰਭੀਰ ਨਹੀਂ ਹੈ। ਪਰ ਫਿਰ ਇਹ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਉਹ ਪੰਜਾਬ ਵਿੱਚ ਕੁਝ ਕਰੇਗਾ ਹੀ ਨਹੀਂ ਤਾਂ 2019 ਵਾਲੀ ਪ੍ਰਧਾਨ ਮੰਤਰੀ ਵਾਲੀ ਪੌੜੀ ਕਿਵੇਂ ਚੜ੍ਹ ਸਕੇਗਾ ? ਪੰਜਾਬ ਹੀ ਤਾਂ ਉਹ ਰਾਜ ਹੈ ਜਿੱਥੇ ਉਹ ਆਪਣੇ ਪ੍ਰਸ਼ਾਸਨਿਕ ਅਤੇ ਸਿਆਸੀ ਤਜਰਬੇ ਦੇ ਜੌਹਰ ਵਿਖਾ ਸਕਦਾ ਹੈ। ਪਿਛਲੇ ਡੇਢ ਸਾਲ ਦੇ ਤਜਰਬੇ ਨੇ ਉਸਨੂੰ ਚੰਗੀ ਤਰਾਂ ਸਮਝਾ ਦਿੱਤਾ ਹੈ ਕਿ ਦਿੱਲੀ ਵਰਗੇ ਛੋਟੇ ਰਾਜ ਵਿੱਚ ਆਪਣਾ ਗਵਰਨੈਂਸ ਮਾਡਲ ਨਹੀਂ ਪੇਸ਼ ਕੀਤਾ ਜਾ ਸਕਦਾ ਕਿਉਂਕਿ ਦਿੱਲੀ ਦੇ ਮੰਤਰੀ ਮੰਡਲ ਨੂੰ ਸੰਵਿਧਾਨ ਵੱਲੋਂ ਬਹੁਤ ਘੱਟ ਤਾਕਤਾਂ ਮਿਲੀਆਂ ਹੋਈਆਂ ਹਨ। ਉਹ ਆਪਣੀ ਪੂਰੀ ਵਾਹ ਲਾ ਕੇ ਵੀ ਦਿੱਲੀ ਨੂੰ ਆਪਣੀ ਮਰਜ਼ੀ ਮੁਤਾਬਕ ਨਹੀਂ ਚਲਾ ਸਕਦਾ ਕਿਉਂਕਿ ਹਰ ਮਾਮਲੇ ਵਿੱਚ ਸਰਕਾਰ ਨੂੰ ਉਪ ਰਾਜਪਾਲ ਤੋਂ ਮਨਜ਼ੂਰੀ ਲੈਣੀ ਜਰੂਰੀ ਹੁੰਦੀ ਹੈ ਅਤੇ ਉਪ ਰਾਜਪਾਲ ਤਾਂ 2019 ਤੱਕ ਮੋਦੀ ਸਰਕਾਰ ਦੀ ਮਰਜ਼ੀ ਵਾਲਾ ਹੀ ਲੱਗਣਾ ਹੈ। ਪਰ ਪੰਜਾਬ ਵਿੱਚ ਜੇਕਰ ਉਸਦੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਇੱਥੇ ਉਸਦੀ ਪਾਰਟੀ ਆਪਣੀ ਮਰਜ਼ੀ ਦਾ ਰਾਜ ਪ੍ਰਬੰਧ ਦੇਣ ਬਾਰੇ ਸੋਚ ਸਕਦੀ ਹੈ ਕਿਉਂਕਿ ਪੰਜਾਬ ਵਿੱਚ ਕਿਸੇ ਚੁਣੀ ਹੋਈ ਸਰਕਾਰ ਨੂੰ ਦਿੱਲੀ ਦੀ ਬਜਾਇ ਬਹੁਤ ਸਾਰੀਆਂ ਵੱਧ ਤਾਕਤਾਂ ਮਿਲੀਆਂ ਹੋਈਆਂ ਹਨ। ਪੰਜਾਬ ਇੱਕ ਮੁਕੰਮਲ ਸੂਬਾ ਹੈ ਅਤੇ ਕੁਝ ਖਾਸ ਵਿਭਾਗਾਂ ਨੂੰ ਛੱਡ ਕੇ ਬਾਕੀ ਸਾਰੇ ਹੀ ਵਿਭਾਗ ਸੂਬਾ ਸਰਕਾਰ ਕੋਲ ਰਹਿੰਦੇ ਹਨ।

ਪੰਜਾਬ ਦਾ ਰੈਵੇਨਿਊ ਵੀ ਦੂਜੇ ਸੂਬਿਆਂ ਦੇ ਮੁਕਾਬਲੇ ਬਹੁਤ ਚੰਗਾ ਹੈ ਅਤੇ ਕੇਂਦਰ ਸਰਕਾਰ ਦੇ ਵਿਤਕਰੇ ਦੇ ਬਾਵਜੂਦ ਵੀ ਪੰਜਾਬ ਆਪਣੇ ਦਮ ਉੱਤੇ ਕਾਫੀ ਆਰਥਿਕ ਵਸੀਲੇ ਪੈਦਾ ਕਰ ਸਕਦਾ ਹੈ। ਪੰਜਾਬ ਵਿੱਚ ਜਾਇਦਾਦਾਂ ਦੇ ਰੇਟ ਆਮ ਕਰਕੇ ਵੱਧ ਰਹਿਣ ਕਾਰਨ ਇਹਨਾਂ ਦੀ ਖਰੀਦੋ-ਫਰੋਖਤ ਆਦਿ ਤੋਂ ਬਹੁਤ ਸਾਰਾ ਟੈਕਸ ਸਰਕਾਰ ਨੂੰ ਮਿਲਦਾ ਰਹਿੰਦਾ ਹੈ। ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਅਤੇ ਕਣਕ ਅਤੇ ਝੋਨੇ ਦੀ ਰਿਕਾਰਡ ਫਸਲ ਹੋਣ ਕਰਕੇ ਵੀ ਸਰਕਾਰ ਨੂੰ ਬਹੁਤ ਸਾਰੇ ਟੈਕਸ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਪ੍ਰਾਪਤ ਹੁੰਦੇ ਹਨ। ਇਸ ਦੀ ਇੱਕ ਵੱਡੀ ਮਿਸਾਲ ਮੰਡੀ ਬੋਰਡ ਦੀ ਕਮਾਈ ਪ੍ਰਮੁੱਖ ਤੌਰ ਉੱਤੇ ਜ਼ਿਕਰਯੋਗ ਹੈ। ਪੈਟਰੋਲ ਅਤੇ ਡੀਜ਼ਲ ਦੀ ਖਪਤ ਵੀ ਇੱਥੇ ਬਹੁਤ ਜ਼ਿਆਦਾ ਹੋਣ ਕਰਕੇ ਰਾਜ ਸਰਕਾਰ ਨੂੰ ਇਸ ਉੱਤੇ ਟੈਕਸ ਲਗਾ ਕੇ ਕਾਫੀ ਕਮਾਈ ਹੋ ਜਾਂਦੀ ਹੈ। ਇਸ ਤਰਾਂ ਪੰਜਾਬ ਕੋਲ ਆਰਥਿਕ ਵਸੀਲੇ ਕਾਫੀ ਚੰਗੇ ਹਨ ਅਤੇ ਜੇਕਰ ਭ੍ਰਿਸ਼ਟਾਚਾਰ ਨੂੰ ਨੱਥ ਪੈ ਜਾਵੇ ਅਤੇ ਫਾਲਤੂ ਖਰਚਿਆਂ ਉੱਤੇ ਰੋਕ ਲੱਗ ਜਾਵੇ ਤਾਂ ਸਰਕਾਰ ਦੀ ਕਮਾਈ ਵਿੱਚ ਬਹੁਤ ਵਾਧਾ ਹੋ ਸਕਦਾ ਹੈ। ਇੱਕ ਛੋਟੀ ਜਿਹੀ ਉਦਾਹਰਣ ਵਜੋਂ ਹੀ, ਜੇਕਰ ਰੇਤੇ-ਬੱਜਰੀ ਦੇ ਗੈਰਕਾਨੂੰਨੀ ਖਨਣ ਉੱਤੇ ਰੋਕ ਲਗਾ ਕੇ ਇਸਨੂੰ ਸੁਚਾਰੂ ਢੰਗ ਨਾਲ ਚਲਾ ਲਿਆ ਜਾਵੇ ਤਾਂ ਨਿੱਜੀ ਜੇਬਾਂ ਵਿੱਚ ਜਾਣ ਵਾਲਾ ਬਹੁਤ ਸਾਰਾ ਪੈਸਾ ਸਰਕਾਰੀ ਖਜ਼ਾਨੇ ਵਿੱਚ ਜਾ ਸਕਦਾ ਹੈ। ਇਸ ਤਰਾਂ ਦੇ ਹੋਰ ਵੀ ਬਥੇਰੇ ਖੇਤਰ ਹਨ ਜਿੱਥੇ ਜਨਤਕ ਖਜ਼ਾਨੇ ਨੂੰ ਸੰਨ੍ਹ ਲੱਗਣ ਤੋਂ ਬਚਾਇਆ ਜਾ ਸਕਦਾ ਹੈ। ਇਮਾਨਦਾਰੀ ਨਾਲ ਅਤੇ ਪੂਰੀ ਤਰਾਂ ਚੌਕੰਨੇ ਹੋ ਕੇ ਰਾਜ ਭਾਗ ਚਲਾ ਲਿਆ ਜਾਵੇ ਤਾਂ ਪੰਜਾਬ ਦੀ ਕਾਇਆ ਕਲਪ ਹੋ ਸਕਦੀ ਹੈ।

ਆਮ ਆਦਮੀ ਪਾਰਟੀ ਨੂੰ ਪੰਜਾਬ ਨੂੰ ਇੱਕ ਮਾਡਲ ਸੂਬੇ ਵਜੋਂ ਵਿਕਸਤ ਕਰਨਾ ਹੀ ਪਵੇਗਾ ਕਿਉਂਕਿ 2019 ਤੱਕ ਪੰਜਾਬ ਤੋਂ ਬਿਨਾ ਹੋਰ ਕਿਤੇ ਵੀ ‘ਆਪ’ ਦੀ ਸਰਕਾਰ ਬਣਨ ਦੀਆਂ ਉਮੀਦਾਂ ਬਹੁਤ ਮੱਧਮ ਹਨ। ਉਹ ਗੋਆ ਵਿੱਚ ਜਰੂਰ ਵੱਡੀ ਪਾਰਟੀ ਬਣ ਸਕਦੀ ਹੈ ਅਤੇ ਹੋ ਸਕਦਾ ਹੈ ਕਿ ਗੁਜਰਾਤ ਵਿੱਚ ਵੀ ਕੁਝ ਸੀਟਾਂ ਜਿੱਤ ਲਵੇ। ਪਰ ਪੰਜਾਬ ਵਰਗਾ ਸਮਰਥਨ ਅਜੇ ਹੋਰ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਹੁਣ, ਜੇਕਰ ‘ਆਪ’ 2019 ਦੀਆਂ ਲੋਕ ਸਭਾ ਚੋਣਾਂ ਵਿੱਚ, ਕੇਂਦਰ ਵਿੱਚ ਆਪਣਾ ਚੰਗਾ ਰੁਤਬਾ ਬਣਾਉਣ ਦੇ ਸੁਪਨੇ ਵੇਖਦੀ ਹੈ ਤਾਂ ਫਿਰ ਤਾਂ ਉਹ ਪੰਜਾਬ ਵਿੱਚ ਜਰੂਰ ਹੀ ਕੁਝ ਨਵਾਂ ਕਰਕੇ ਵਿਖਾਉਣਾ ਚਾਹੇਗੀ ਤਾਂ ਕਿ ਉਸਦੀ ਤਰੱਕੀ ਦਾ ਅਗਲਾ ਰਾਹ ਖੁੱਲ ਸਕੇ ਅਤੇ ਲੋਕ ਉਸ ਉੱਤੇ ਵੱਧ ਵਿਸ਼ਵਾਸ ਕਰ ਸਕਣ। ਉਂਜ ਵੀ, ਜੇਕਰ ਕੇਜਰੀਵਾਲ ਆਲਸੀ ਜਾਂ ਆਰਾਮਪ੍ਰਸਤ ਇਨਸਾਨ ਹੁੰਦਾ ਤਾਂ ਇੰਨੇ ਥੋੜੇ ਸਮੇਂ ਵਿੱਚ ਰਾਸ਼ਟਰੀ ਪੱਧਰ ਉੱਤੇ ਇੰਨੀ ਵੱਡੀ ਪਾਰਟੀ ਕਿਵੇਂ ਖੜੀ ਕਰ ਸਕਦਾ ਸੀ ? ਕੀ ਭਾਰਤ ਦੇ ਇਤਿਹਾਸ ਵਿੱਚ ਇਸ ਤਰਾਂ ਦੀ ਕੋਈ ਹੋਰ ਮਿਸਾਲ ਮਿਲਦੀ ਹੈ ਕਿ ਕਿਸੇ ਨਵੀਂ ਉੱਠੀ ਪਾਰਟੀ ਨੇ ਰਾਸ਼ਟਰੀ ਪੱਧਰ ਉੱਤੇ ਵੱਡੇ-ਵੱਡੇ ਖਿਡਾਰੀਆਂ ਦੀ ਇੰਨੀ ਨੀਂਦ ਹਰਾਮ ਕੀਤੀ ਹੋਵੇ ? ਭਾਵੇਂ ਕਿ ਇਹ ਸਾਰਾ ਇੱਕ ਕੁਝ ਇੱਕ ਸਾਂਝੇ ਉੱਦਮ ਦਾ ਹੀ ਕਮਾਲ ਹੈ ਪਰ ਫਿਰ ਵੀ ਇਸ ਦਾ ਸਭ ਤੋਂ ਵੱਧ ਸਿਹਰਾ ਕੇਜਰੀਵਾਲ ਨੂੰ ਹੀ ਜਾਂਦਾ ਹੈ। ਇਸ ਲਈ ਜੇਕਰ ਅਸੀਂ ਇਹ ਮੰਨ ਵੀ ਲਈਏ ਕਿ ਕੇਜਰੀਵਾਲ ਦਾ ਅਸਲ ਨਿਸ਼ਾਨਾ 2019 ਵਿੱਚ ਦਿੱਲੀ ਦੀ ਕੇਂਦਰੀ ਸੱਤਾ ਤੱਕ ਪਹੁੰਚਣ ਦਾ ਵੀ ਹੋਵੇ ਤਾਂ ਫਿਰ ਵੀ, ਉਸ ਵਾਸਤੇ ਦਿੱਲੀ ਵਾਲਾ ਰਸਤਾ ਪੰਜਾਬ ਵਿਚੋਂ ਹੀ ਹੋ ਕੇ ਜਾਂਦਾ ਹੈ। ਪੰਜਾਬ ਵਿੱਚ ਉਹ ਆਪਣਾ ਸਿਆਸੀ ਭਵਿੱਖ ਤਲਾਸ਼ ਰਿਹਾ ਹੈ ਅਤੇ ਜਿੰਨੀ ਪੰਜਾਬ ਨੂੰ ਤੀਜੇ ਬਦਲ ਦੀ ਲੋੜ ਹੈ ਉਸ ਤੋਂ ਕਿਤੇ ਵੱਧ ਕੇਜਰੀਵਾਲ ਨੂੰ ਪੰਜਾਬ ਤੋਂ ਸ਼ੁਰੂਆਤ ਦੀ ਲੋੜ ਹੈ। ਇਸ ਲਈ ਇਸ ਗੱਲ ਦਾ ਪੰਜਾਬ ਉੱਤੇ ਕੋਈ ਅਹਿਸਾਨ ਨਹੀਂ ਮੰਨਿਆ ਜਾਣਾ ਚਾਹੀਦਾ। ਪਰ ਉਸ ਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਕਿ ਪੰਜਾਬ ਨੂੰ ਇਮਾਨਦਾਰ, ਪਰਪੱਕ ਅਤੇ ਸੁਲਝੇ ਹੋਏ ਆਗੂ ਦਿੱਤੇ ਜਾਣ। ਕਿਉਂਕਿ ਜੇਕਰ ਉਹ ਪੰਜਾਬ ਵਿੱਚ ਹੀ ਫੇਲ ਹੋ ਗਿਆ ਤਾਂ ਕੇਂਦਰ ਵਿੱਚ ਕਿਵੇਂ ਪਾਸ ਹੋ ਸਕੇਗਾ ? ਫਿਰ ਅਜਿਹੀ ਹਾਲਤ ਵਿੱਚ, ਪੰਜਾਬ ਵਿੱਚ ਆਪਣੀ ਪਾਰਟੀ ਦੀ ਸਰਕਾਰ ਬਣਾ ਕੇ, ਕੇਜਰੀਵਾਲ ਦਿਨ ਰਾਤ ਮਿਹਨਤ ਕਰਨੀ ਚਾਹੇਗਾ ਜਾਂ ਲੰਮੀਆਂ ਤਾਣ ਕੇ ਸੌਣਾ ਚਾਹੇਗਾ ?

ਜੀ. ਐੱਸ.  ਗੁਰਦਿੱਤ ( 91 9417 193 193 )  

ਪਿੰਡ: ਚੱਕ ਬੁੱਧੋ ਕੇ, ਤਹਿਸੀਲ: ਜਲਾਲਾਬਾਦ, ਜ਼ਿਲ੍ਹਾ: ਫਾਜ਼ਿਲਕਾ (ਪੰਜਾਬ)

October 7, 2016 |

ਪਰਵਾਸੀ ਭਾਰਤੀਆਂ ਦੀ ਵੋਟ ਦਾ ਮੁੱਦਾ

0

           ਸਾਲ vote-22010 ਵਿੱਚ ਕਾਂਗਰਸ ਦੀ ਮਨਮੋਹਨ ਸਿੰਘ ਸਰਕਾਰ ਨੇ ਵਿਦੇਸ਼ਾਂ ’ਚ ਵਸਦੇ ਭਾਰਤੀ ਪਾਸਪੋਰਟ ਵਾਲੇ ਪਰਵਾਸੀ ਭਾਰਤੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ। ਪਰ ਇਸ ’ਚ ਇੱਕ ਖ਼ਾਮੀ ਸੀ ਕਿ ਇਨ੍ਹਾਂ ਭਰਤੀਆਂ ਨੂੰ ਵੋਟ ਪਾਉਣ ਵਾਸਤੇ ਭਾਰਤ ਆਉਣਾ ਪੈਣਾ ਸੀ। ਇਸ ਸਮੱਸਿਆ ਨੂੰ ਅਬੂਧਾਬੀ ਵਸਦੇ ਅਤੇ ਕੇਰਲਾ ਨਾਲ ਸਬੰਧਿਤ ਡਾਕਟਰ ਸ਼ਮਸ਼ੇਰ ਵੀ.ਪੀ. ਨੇ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ, ਜਿਸ ’ਤੇ ਸੁਣਵਾਈ ਕਰਦਿਆਂ ਜਨਵਰੀ 2015 ਨੂੰ ਸੁਪਰੀਮ ਕੋਰਟ ਨੇ ਭਾਰਤ ਸਰਕਾਰ ਨੂੰ ਹੁਕਮ ਦਿੱਤਾ ਕਿ ਉਹ ਅੱਠ ਹਫ਼ਤਿਆਂ ਦੇ ਅੰਦਰ ਇਹ ਰੂਪ-ਰੇਖਾ ਸਪਸ਼ਟ ਕਰੇ ਕਿ ਪਰਵਾਸੀ ਭਾਰਤੀ ਕਿਸ ਤਰ੍ਹਾਂ ਵਿਦੇਸ਼ ਵਿੱਚੋਂ ਹੀ ਆਪਣੀ ਵੋਟ ਪਾ ਸਕਣ। ਇਸ ਫ਼ੈਸਲੇ ਨੂੰ ਡੇਢ ਸਾਲ ਹੋਣ ਦੇ ਬਾਵਜੂਦ ਕਿਸੇ ਰਾਜਸੀ ਪਾਰਟੀ ਨੇ ਅਗਾਂਹ ਗੱਲ ਨਹੀਂ ਤੋਰੀ। ਅਸਲ ’ਚ ਪੰਜਾਬ ਵਿੱਚ ਪਰਵਾਸੀਆਂ ਦੀ ਵੋਟ ਭਾਜਪਾ, ਅਕਾਲੀ ਤੇ ਕਾਂਗਰਸ ਨੂੰ ਤਾਂ ਘੱਟ ਮਿਲਣੀ ਹੈ ਜਦੋਂਕਿ ਆਮ ਆਦਮੀ ਪਾਰਟੀ (ਆਪ) ਨੂੰ ਵੱਧ ਮਿਲਣੀ ਹੈ, ਪਰ ‘ਆਪ’ ਨੇ ਵੀ ਇਸ ਬਾਰੇ ਹਾਲੇ ਤਕ ਕੁਝ ਨਹੀਂ ਕੀਤਾ।
ਇਸ ਵਕਤ ਸਿਰਫ਼ 11,000 ਦੇ ਕਰੀਬ ਰਜਿਸਟਰਡ ਪਰਵਾਸੀ ਭਾਰਤੀ ਵੋਟਰ ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ ’ਚ ਵਸਦੇ ਹਨ ਪਰ ਜੇ ਇਨ੍ਹਾਂ ਪਰਵਾਸੀ ਭਾਰਤੀਆਂ ਨੂੰ ਭਾਰਤ ਆਏ ਬਗ਼ੈਰ ਆਨਲਾਈਨ ਵੋਟ ਪਾਉਣ ਦਾ ਹੱਕ ਮਿਲ ਜਾਂਦਾ ਹੈ ਤਾਂ ਇਨ੍ਹਾਂ ਪਰਵਾਸੀ ਭਾਰਤੀ ਵੋਟਰਾਂ ਦੀ ਗਿਣਤੀ 1,00,37,761 ਦੇ ਕਰੀਬ ਹੋ ਸਕਦੀ ਹੈ। ਇਹ ਅੰਕੜੇ 2014 ਦੇ ਹਨ ਅਤੇ ਹੁਣ ਗਿਣਤੀ ਹੋਰ ਵਧ ਗਈ ਹੈ। ਵਿਦੇਸ਼ੀਂ ਵਸਦੇ ਪੰਜਾਬੀਆਂ ਦੀ ਗਿਣਤੀ ਵੀ 50 ਲੱਖ ਦੇ ਕਰੀਬ ਹੈ। ਇਸ ਵਕਤ ਪੰਜਾਬ ਵਿੱਚ 178 ਦੇ ਕਰੀਬ ਪਰਵਾਸੀ ਭਾਰਤੀ ਪੰਜਾਬੀ ਵੋਟਰ ਹਨ। ਇਸ ਤੋਂ ਇਲਾਵਾ ਜਿਨ੍ਹਾਂ ਵੀ ਪਰਵਾਸੀ ਪੰਜਾਬੀਆਂ ਨੇ ਆਪਣੀਆਂ ਵੋਟਾਂ ਭਾਰਤ ’ਚ ਬਣਵਾਈਆਂ ਹੋਈਆ ਹਨ, ਉਨ੍ਹਾਂ ਨੇ ਵੋਟਾਂ ਐਨ.ਆਰ.ਆਈ. ਸ਼੍ਰੇਣੀ ’ਚ ਨਹੀਂ ਬਣਵਾਈਆਂ ਹੋਈਆਂ, ਜਿਸ ਕਾਰਨ ਉਨ੍ਹਾਂ ਦੇ ਭਾਰਤ ਛੱਡ ਜਾਣ ਤੋਂ ਬਾਅਦ ਵਿਰੋਧੀ ਉਨ੍ਹਾਂ ਦੀ ਵੋਟ ਕਟਵਾ ਦਿੰਦੇ ਹਨ। ਪਰ ਹੁਣ ਜੇ ਪਰਵਾਸੀ ਭਾਰਤੀ ਫਾਰਮ 6-ਏ ਭਰ ਕੇ ਆਪਣੀ ਵੋਟ ਪਰਵਾਸੀ ਭਾਰਤੀ ਸ਼੍ਰੇਣੀ ਵਿੱਚ ਬਣਵਾਉਣ ਤਾਂ ਉਹ ਕਿਸੇ ਵੀ ਹਾਲਤ ’ਚ ਕਦੇ ਵੀ ਕੱਟੀ ਨਹੀਂ ਜਾ ਸਕਦੀ।
ਇਸ ਵਕਤ ਦੁਨੀਆਂ ਭਰ ਦੇ 20 ਏਸ਼ੀਅਨ ਦੇਸ਼ਾਂ ਸਮੇਤ 114 ਮੁਲਕਾਂ ਨੇ ਬਾਹਰੀ ਦੇਸ਼ਾਂ ਤੋਂ ਆਪਣੀ ਵੋਟ ਪਾਉਣ ਦੀ ਪ੍ਰਣਾਲੀ ਅਪਣਾ ਲਈ ਹੈ। ਇਸ ਸੰਦਰਭ ਵਿੱਚ ਭਾਰਤ ਸਰਕਾਰ ਨੂੰ ਵੀ ਵਿਦੇਸ਼ਾਂ ’ਚ ਵਸਦੇ ਪਰਵਾਸੀ ਭਾਰਤੀ ਵੋਟਰਾਂ ਨੂੰ ਵਿਦੇਸ਼ਾਂ ਵਿੱਚੋਂ ਹੀ ਆਨਲਾਈਨ, ਭਾਰਤੀ ਹਾਈ ਕਮਿਸ਼ਨਾਂ ਜਾਂ ਪ੍ਰੌਕਸੀ ਰਾਹੀਂ ਭਾਰਤ ’ਚ ਆਪਣੀ ਵੋਟ ਪਾਉਣ ਦਾ ਹੱਕ ਦੇਣਾ ਚਾਹੀਦਾ ਹੈ। ਅਕਤੂਬਰ 2014 ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਦੀ ਤਾਮੀਲ ਕਰਦਿਆਂ ਮੁਲਕ ਦੇ ਚੋਣ ਕਮਿਸ਼ਨ ਦੀ ਇੱਕ ਕਮੇਟੀ ਨੇ ਸੁਪਰੀਮ ਕੋਰਟ ਵਿੱਚ ਰਿਪੋਰਟ ਪੇਸ਼ ਕੀਤੀ ਸੀ, ਜਿਸ ’ਚ ਕਮੇਟੀ ਨੇ ਇਸ ਗੱਲ ਉੱਤੇ ਮੋਹਰ ਲਾ ਦਿੱਤੀ ਸੀ ਕਿ ਪਰਵਾਸੀ ਭਾਰਤੀਆਂ ਦੀ ਵੋਟ ਉਨ੍ਹਾਂ ਦੇ ਭਾਰਤ ਆਏ ਬਗ਼ੈਰ ਪ੍ਰੌਕਸੀ ਰਾਹੀਂ ਜਾਂ ਇਲੈਕਟ੍ਰਾਨਿਕ ਪੋਸਟਲ ਬੈਲਟ ਪੇਪਰ ਰਾਹੀਂ ਪੋਲ ਕਰਵਾਈ ਜਾ ਸਕਦੀ ਹੈ।
ਇਸ ਵੇਲੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਲੰਘਣਾ ਦੇ ਮਾਮਲੇ ਅਤੇ ਦੇਰੀ ਨੂੰ ਅਦਾਲਤੀ ਤੌਹੀਨ ਦੀ ਰੰਗਤ ਦੇ ਕੇ ਭਾਰਤ ਸਰਕਾਰ ਨੂੰ ਘੇਰਿਆ ਜਾ ਸਕਦਾ ਹੈ ਕਿਉਂਕਿ ਡੇਢ ਸਾਲ ਬੀਤਣ ਦੇ ਬਾਵਜੂਦ ਇਸ ਬਾਰੇ ਭਾਰਤ ਸਰਕਾਰ ਨੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਇਸ ਤੋਂ ਨਾ ਕੇਵਲ ਸਰਕਾਰ ਹੀ ਟਾਲਾ ਵੱਟ ਰਹੀ ਹੈ ਬਲਕਿ ‘ਆਪ’ ਅਤੇ ਪਰਵਾਸੀ ਪੰਜਾਬੀ ਵੀ ਇਸ ਪਾਸੇ ਗ਼ੌਰ ਨਹੀਂ ਕਰ ਰਹੇ। ਇਹ ਵੀ ਸੱਚ ਹੈ ਕਿ ਸਾਰਿਆਂ ਦੀ ਨਜ਼ਰ ਪਰਵਾਸੀ ਭਾਰਤੀਆਂ ਦੇ ਨੋਟਾਂ ’ਤੇ ਹੈ ਨਾ ਕੇ ਉਨ੍ਹਾਂ ਦੀਆਂ ਵੋਟਾਂ ’ਤੇ। ਸਿਆਸੀ ਲੋਕ ਨਹੀਂ ਚਾਹੁੰਦੇ ਕਿ ਪਰਵਾਸੀ ਪੰਜਾਬੀ ਪੰਜਾਬ ਦੀ ਚੋਣ ਦਾ ਹਿੱਸਾ ਬਣਨ। ਪਰਵਾਸੀਆਂ ਨੂੰ ਖ਼ੁਦ ਆਪਣੀ ਵੋਟ ਬਣਾਉਣੀ ਅਤੇ ਪੋਲ ਕਰਨੀ ਚਾਹੀਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਵਿਦੇਸ਼ ਰਹਿੰਦੇ ਪੰਜਾਬੀ ਆਪਣੀ ਵੋਟ ਆਨਲਾਈਨ ਵੀ ਬਣਾ ਸਕਦੇ ਹਨ। ਪੰਜਾਬ ’ਚ 7 ਅਕਤੂਬਰ ਤਕ ਵੋਟ ਬਣਾਉਣ ਦੇ ਫਾਰਮ ਮਿਲ ਰਹੇ ਹਨ। ਚੋਣਾਂ ਵਾਸਤੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ 10 ਦਿਨ ਪਹਿਲਾਂ ਤਕ ਵੀ ਵੋਟਾਂ ਬਣ ਸਕਦੀਆਂ ਹਨ। ਇਸ ਲਈ ਬਿਨਾਂ ਦੇਰੀ ਕੀਤਿਆਂ ਪੰਜਾਬ ਤੋਂ ਬਾਹਰ ਵੱਸਦੇ ਭਾਰਤੀ ਆਪਣੇ ਪਾਸਪੋਰਟ ਤੇ ਵੀਜ਼ਾ ਆਦਿ ਦੀ ਫੋਟੋ ਕਾਪੀ ਫਾਰਮ 6-ਏ ਨਾਲ ਜਮ੍ਹਾਂ ਕਰਾ ਕੇ ਐਨ.ਆਰ.ਆਈ. ਕੈਟੇਗਰੀ ’ਚ ਆਪਣੀ ਵੋਟ ਬਣਾਉਣ। ਚੋਣ ਕਮਿਸ਼ਨ ਦੀ ਵੈੱਬਸਾਈਟ ਤੋਂ ਐਨ.ਆਰ.ਆਈ. ਵੋਟ ਵਾਸਤੇ ਫਾਰਮ 6-ਏ ਡਾਊਨਲੋਡ ਕਰਕੇ ਉਸ ਨਾਲ ਆਪਣੇ ਭਾਰਤੀ ਪਾਸਪੋਰਟ ਦੀ ਫੋਟੋ ਕਾਪੀ ਤੇ ਵੀਜ਼ਾ ਸਟੇਟਸ ਦੇ ਸਬੂਤ ਦੀ ਫੋਟੋ ਕਾਪੀ ਲੈ ਕੇ ਖ਼ੁਦ ਹੀ ਅਟੈਸਟ ਕਰਕੇ ਡਾਕ ਰਾਹੀਂ ਜਾਂ ਕਿਸੇ ਰਿਸ਼ਤੇਦਾਰ ਰਾਹੀਂ ਪੰਜਾਬ ਵਿੱਚ ਆਪਣੇ ਹਲਕੇ ਦੇ ਐੱਸ.ਡੀ.ਐੱਮ. ਜਾਂ ਬਲਾਕ ਚੋਣ ਅਧਿਕਾਰੀ ਕੋਲ ਭੇਜਕੇ ਆਪਣੀ ਵੋਟ ਬਣਾਈ ਜਾ ਸਕਦੀ ਹੈ। ਆਪਣੀ ਮਾਤਭੂਮੀ ਅਤੇ ਮੁਲਕ ਦੇ ਨਿਜ਼ਾਮ ਵਿੱਚ ਸੁਧਾਰ ਲਈ ਚੰਗਾ ਨੇਤਾ ਚੁਣਨ ਲਈ ਅਜਿਹਾ ਕਰਨਾ ਜ਼ਰੂਰੀ ਹੈ।
…… ਪਰਮਿੰਦਰ ਸਿੰਘ ਟਿਵਾਣਾ ਸੰਪਰਕ: 98157-94469

October 3, 2016 |
© 2021 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar