Blog

ਦਰਦ ਕਹਾਣੀ ਪਰਦੇਸਾਂ ਦੀ

3

ਲੋਕ ਚਾਹੇ ਕਿਤੇ ਵੀ ਚਲੇ ਜਾਣ ਆਪਣੀ ਜਨਮਭੂਮੀ ਨਾਲ ਮੋਹ ਕਾਇਮ ਰਹਿੰਦਾ ਹੈ। ਸਾਡਾ ਵਿਰਸਾ ਸਾਨੂੰ ਪਿੱਛੋਂ ਆਵਾਜ਼ਾਂ ਮਾਰਦਾ ਰਹਿੰਦਾ ਹੈ। ਇਸ ਦੀ ਇੱਕ ਮਿਸਾਲ ਮੇਰੇ ਸਾਹਮਣੇ ਆਈ। ਮੇਰਾ ਇੱਕ ਡਾਕਟਰ ਮਿੱਤਰ ਮੈਨੂੰ ਵਾਰ ਵਾਰ ਫੋਨ ਕਰ ਰਿਹਾ ਸੀ ਕਿ ਉਸ ਦੀ ਬਦਲੀ ਰੋਪੜ ਤੋਂ ਲੁਧਿਆਣਾ ਹੋ ਗਈ ਹੈ ਤੇ ਉਸ ਨੂੰ ਕੋਈ ਘਰ ਕਿਰਾਏ ’ਤੇ ਲੱਭ ਦਿਓ। ਇੱਕ ਦਿਨ ਉਹ ਆਪ ਹੀ ਕਾਰ ਲੈ ਕੇ ਆ ਗਿਆ ਤੇ ਅਸੀਂ ਘਰ ਲੱਭਣ ਤੁਰ ਪਏ। ਅਸੀਂ ਘਰ ਤੋਂ ਫ਼ਿਰੋਜ਼ਪੁਰ ਵਾਲੀ ਸੜਕ ਪੈ ਕੇ ਇੱਕ ਵਿਸ਼ਾਲ ਕਲੋਨੀ ਵਿੱਚ ਪਹੁੰਚੇ ਜਿੱਥੇ ਸਾਰੀਆਂ ਕੋਠੀਆਂ ਇੱਕ ਕਨਾਲ ਤੋਂ ਘੱਟ ਨਹੀਂ ਸਨ। ਰਸਤੇ ਵਿੱਚ ਸਾਨੂੰ ਕਿਸੇ ਦੁਕਾਨਦਾਰ ਨੇ ਦੱਸ ਪਾਈ ਕਿ ਅੱਗੇ ਜਾ ਕੇ ਇੱਕ ਕੋਠੀ ਖਾਲੀ ਹੈ, ਉਸ ਦੇ ਬਾਹਰ ਘਰ ਦੇ ਮੱਥੇ ’ਤੇ ਸਲੇਟੀ ਲਿਖਿਆ ਹੋਇਆ ਹੈ। ਜਦੋਂ ਅਸੀਂ ਸਲੇਟੀ ਕੋਠੀ ਦੇ ਅੱਗੇ ਰੁਕੇ ਤਾਂ ਘਰ ਦੀ ਨੇਮ ਪਲੇਟ ਤੇ ਘਰ ਦੇ ਮਾਲਕ ਦਾ ਨਾਂ ਸੁਰਜੀਤ ਸਿੰਘ ਰਾਂਝਾ ਪੜ੍ਹ ਕੇ ਹਸਣੋ ਨਾ ਰਹਿ ਸਕੇ। ਕੋਠੀ ਦਾ ਨਾ ਸਲੇਟੀ ਤੇ ਮਾਲਕ ਰਾਂਝਾ। ਅਸੀਂ ਛੇਤੀ ਨਾਲ ਅੰਦਰ ਜਾਣਾ ਚਾਹੁੰਦੇ ਸੀ ਤਾਂ ਜੋ ਰਾਂਝੇ ਦੀ ਸਲੇਟੀ ਨੂੰ ਦੇਖ ਸਕੀਏ। ਨੌਕਰ ਨੇ ਕੋਠੀ ਦਾ ਦਰਵਾਜ਼ਾ ਖੋਲ੍ਹਿਆ ਤੇ ਅਸੀਂ ਅੰਦਰ ਦੇਖਿਆ ਕਿ ਇੱਕ ਚਿੱਟੇ ਚਾਦਰੇ ਵਾਲਾ ਬਜ਼ੁਰਗ ਕੋਠੀ ਅੰਦਰ ਖਾਲੀ ਥਾਂ ’ਤੇ ਟਰੈਕਟਰ ਚਲਾ ਰਿਹਾ ਸੀ। ਕੋਠੀ ਦੇ ਕਿਨਾਰੇ ’ਤੇ ਇੱਕ ਖੂਹ ਸੀ ਤੇ ਉਸ ਨੂੰ ਕਈ ਰੰਗਾਂ ਨਾਲ ਸ਼ਿੰਗਾਰਿਆ ਗਿਆ ਸੀ। ਕੋਠੀ ਦੇ ਕਿਨਾਰਿਆਂ ’ਤੇ ਅੰਬ ਤੇ ਜਾਮਨਾਂ ਦੇ ਦਰੱਖਤ ਸਨ। ਇੱਕ ਰੁੱਖ ’ਤੇ ਪਂੀਂਘ ਲਟਕ ਰਹੀ ਸੀ। ਵਰਾਂਡੇ ਵਿੱਚ ਇੱਕ ਚਰਖਾ ਪਿਆ ਸੀ। ਉਸ ਦੇ ਨੇੜੇ ਕੁਝ ਰੰਗਲੀਆਂ ਟੋਕਰੀਆਂ ਪਈਆਂ ਦੇਖੀਆਂ, ਕੁਝ ਚਿੱਟੀ ਦੁੱਧ ਵਰਗੀ ਰੂੰ ਤੇ ਕੁਝ ਪੂਣੀਆਂ ਪਈਆਂ ਸਨ। ਇਵੇਂ ਜਾਪਦਾ ਸੀ ਜਿਵੇਂ ਹੁਣੇ ਹੀ ਕੋਈ ਚਰਖਾ ਕਤਦਾ ਹੋਇਆ ਅੰਦਰ ਚਲਾ ਗਿਆ ਹੈ।
ਕੁਝ ਦੇਰ ਬਾਅਦ ਉਹ ਬਜ਼ੁਰਗ ਸਾਡੇ ਕੋਲ ਆ ਗਿਆ ਤੇ ਸਵਾਲ ਕੀਤਾ ਕਿ ਤੁਸੀਂ ਕੌਣ ਹੋ, ਕਿਵੇਂ ਆਏ ਹੋ? ਕਿਰਾਏ ’ਤੇ ਰਹਿਣਾ ਹੈ ਤਾਂ ਨਾਲ ਆਪਣੇ ਬਿਰਧ ਮਾਤਾ-ਪਿਤਾ ਨੂੰ ਵੀ ਰੱਖਣਾ ਪਵੇਗਾ। ਕੀ ਤੁਹਾਡੀ ਪਤਨੀ ਨੂੰ ਮੱਝ ਦੀ ਧਾਰ ਕੱਢਣੀ ਆਉਂਦੀ ਹੈ? ਸਵੇਰ ਵੇਲੇ ਚਾਟੀ ਵਿੱਚ ਮਧਾਣੀ ਪਾ ਕੇ ਲੱਸੀ ਰਿੜਕਣੀ ਆਉਂਦੀ ਹੈ? ਸਰ੍ਹੋਂ ਦਾ ਸਾਗ ਬਣਾਉਣਾ ਤੇ ਘੋਟਣਾ ਆਉਂਦਾ ਹੈ? ਸਾਉਣ ਦੇ ਮਹੀਨੇ ਜਦੋਂ ਤੀਆਂ ਲਗਦੀਆਂ ਹਨ ਤਾਂ ਉਹ ਤੀਆਂ ਵਿੱਚ ਗਿੱਧਾ ਪਾ ਸਕਦੀ ਹੈ ਤੇ ਪੀਂਘਾਂ ਝੂਟ ਸਕਦੀ ਹੈ? ਅਜਿਹੇ ਕਈ ਸੁਆਲ ਉਸ ਨੇ ਇੱਕਠੇੇ ਕਰ ਦਿੱਤੇ। ਖ਼ੁਸ਼ਕਿਸਮਤੀ ਨਾਲ ਇਹ ਸਾਰੇ ਗੁਣ ਮੇਰੇ ਵਿਦਿਆਰਥੀ ਦੀ ਪਤਨੀ, ਜੋ ਕਿ ਪੇਂਡੂ ਪਿਛੋਕੜ ਦੀ ਸੀ, ਵਿੱਚ ਸਨ। ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਤਾਂ ਬਹੁਤ ਦੇਖੇ ਸਨ ਪਰ ਇਸ ਢੰਗ ਨਾਲ ਪਿਆਰ ਕਰਨ ਵਾਲਾ ਅਸੀਂ ਪਹਿਲੀ ਵਾਰ ਦੇਖ ਰਹੇ ਸੀ। ਇੰਨੇ ਚਿਰ ਨੂੰ ਉਸ ਦਾ ਨੌਕਰ ਇੱਕ ਗੜਵੀ ਵਿੱਚ ਚਾਟੀ ਦੀ ਲੱਸੀ ਲਿਆਇਆ ਤੇ ਦੋ ਚੂੜੀਦਾਰ ਗਿਲਾਸਾਂ ਵਿੱਚ ਪਾ ਕੇ ਸਾਨੂੰ ਸੌਂਪ ਦਿੱਤੇ। ਮੈਂ ਸੱਭਿਆਚਾਰ ਪੱਖੋਂ ਤੇ ਮੇਰਾ ਡਾਕਟਰ ਮਿੱਤਰ ਡਾਕਟਰੀ ਪੱਖੋਂ ਉਸ ਦੀ ਮਨ ਵਿੱਚ ਪਰਖ ਕਰਨ ਲੱਗ ਪਏ। ਮੇਰਾ ਮਿੱਤਰ ਉਸ ਨੂੰ ਇੱਕ ਕੇਸ ਸਟੱਡੀ ਦੇ ਤੌਰ ’ਤੇ ਲੈ ਰਿਹਾ ਸੀ। ਉਹ ਅਜਿਹੇ ਕਾਰਨਾਂ ਨੂੰ ਜਾਣਨਾ ਚਾਹੁੰਦਾ ਸੀ ਕਿ ਕੋਈ ਕਿਸ ਹੱਦ ਤਕ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰ ਸਕਦਾ ਹੈ। ਕਿਰਾਇਆ ਤੈਅ ਕਰਨ ਦੀ ਜ਼ਰੂਰੀ ਗੱਲ ਤਾਂ ਵਿਚੇ ਹੀ ਰਹਿ ਗਈ, ਉਹ ਚਾਹੇ ਜਿੰਨਾ ਵੀ ਹੋਵੇ ਉਹ ਦੇਣ ਨੂੰ ਤਿਆਰ ਸੀ। ਡਾਕਟਰ ਲਈ ਇਹ ਸਭ ਕੁਝ ਪਹੇਲੀ ਬਣਿਆ ਹੋਇਆ ਸੀ। ਉਹ ਛੇਤੀ ਨਾਲ ਉੱਥੇ ਰਹਿਣਾ ਚਾਹੁੰਦਾ ਸੀ।
ਬਜ਼ੁਰਗਾਂ ਨੇ ਮਕਾਨ ਕਿਰਾਏ ’ਤੇ ਦੇਣਾ ਮੰਨ ਲਿਆ ਅਤੇ ਮੇਰਾ ਮਿੱਤਰ ਉੱਥੇ ਰਹਿਣ ਲੱਗ ਪਿਆ। ਉੱਥੇ ਰਹਿਣ ਬਾਅਦ ਜਦੋਂ ਹਰ ਹਫ਼ਤੇ ਉਹ ਮੈਨੂੰ ਮਿਲਦਾ ਤਾਂ ਇਹ ਹੀ ਜਾਣਕਾਰੀ ਦਿੰਦਾ ਕਿ ਬਸੰਤ ਵਾਲੇ ਦਿਨ ਉਸ ਨੇ ਪੀਲੇ ਚੌਲ ਖਾਧੇ ਹਨ। ਸਾਉਣ ਦੇ ਮਹੀਨੇ ਉਸ ਦੀ ਪਤਨੀ ਨੇ ਗਿੱਧਾ ਪਾਇਆ, ਪਰ ਅਜੇ ਤਕ ਪਹੇਲੀ ਜਿਉਂ ਦੀ ਤਿਉਂ ਬਣੀ ਹੋਈ ਸੀ ਤੇ ਉਸ ਦੀ ਬੇਚੈਨੀ ਤੇ ਵਿਆਕੁਲਤਾ ਹੋਰ ਵਧ ਗਈ ਸੀ। ਫਿਰ ਇੱਕ ਦਿਨ ਉਸ ਦਾ ਅਚਾਨਕ ਫੋਨ ਆਇਆ ਤੇ ਉਹ ਕਹਿਣ ਲਗਾ,‘ਮੈਨੂੰ ਰਾਂਝੇ ਤੇ ਉਸ ਦੀ ਸਲੇਟੀ ਦਾ ਭੇਤ ਲੱਭ ਗਿਆ ਹੈ ਕਿ ਕਿਉਂ ਉਹ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਦਾ ਹੈ। ਬਹੁਤ ਮਨ ਨੂੰ ਟੁੰਬਣ ਵਾਲੀ ਕਹਾਣੀ ਹੈ, ਸ਼ਾਮ ਨੂੰ ਖੁੱਲ੍ਹੇ ਵਕਤ ਮਿਲਾਂਗੇ ਤੇ ਗੱਲ ਕਰਾਂਗੇ।’
ਮੇਰੇ  ਕੋਲੋਂ ਸ਼ਾਮ ਦੀ ਉਡੀਕ ਨਹੀਂ ਸੀ ਹੋ ਰਹੀ ਅਤੇ ਮੈਂ ਫੋਨ ਕਰਕੇ ਪਹਿਲਾਂ ਹੀ ਪਹੁੰਚ ਗਿਆ। ਡਾਕਟਰ ਨੇ ਮੈਨੂੰ ਦੱਸਿਆ ਕੱਲ੍ਹ ਰਾਤ ਦੇਰ ਨਾਲ ਆਉਣ ਕਰਕੇ ਘਰ ਵੜਦਿਆਂ ਹੀ ਫੋਨ ’ਤੇ ਉਸ ਬਜ਼ੁਰਗ  ਨੂੰ ਅਮਰੀਕਾ ਰਹਿੰਦੀ ਆਪਣੀ ਲੜਕੀ ਨਾਲ ਗੱਲਾਂ ਕਰਦਿਆਂ ਸੁਣਿਆ,‘ਚੰਨੋ, ਤੂੰ ਹੁਣ ਪਤੀ ਨਾਲ ਪੰਜਾਬ ਵਾਪਸ ਆ ਜਾ। ਅਮਰੀਕਾ ਦੇ ਪੱਬਾਂ ਵਿੱਚ ਜਾਣ ਕਰਕੇ ਪਹਿਲਾਂ ਤੇਰਾ ਵੀਰ ਸੁਰਜੀਤ ਨਸ਼ੱਈ ਹੋ ਕੇ ਮਰਿਆ ਮਿਲਿਆ, ਹੁਣ ਤੂੰ ਹੀ ਮੇਰੇ ਖਾਨਦਾਨ ਦੀ ਨਿਸ਼ਾਨੀ ਰਹਿ ਗਈ ਹੈਂ। ਪੱਛਮੀ ਜੀਵਨ ਦੇ ਮਗਰਮੱਛ ਨੇ ਪਹਿਲਾਂ ਤੇਰੇ ਵੀਰ ਨੂੰ ਹੜੱਪ ਲਿਆ ਹੁਣ ਤੂੰ ਵੀ ਉਸ ਰਾਹ ’ਤੇ ਤੁਰ ਰਹੀ ਹੈਂ। ਮੇਰੀ ਚੰਨੋ, ਵਾਪਸ ਘਰ ਆਜਾ। ਧਰਤੀ ਦੀ ਖ਼ੁਸ਼ਬੂ ਤੈਨੂੰ ਬੁਲਾ ਰਹੀ ਹੈ। ਇੱਥੇ ਮੈਂ ਕੋਠੀ ਵਿੱਚ ਇੱਕ ਛੋਟਾ ਪੰਜਾਬ ਵਸਾਇਆ ਹੈ ਤੂੰ ਉਸ ਦੀ ਖ਼ੁਸ਼ਬੂ ਸੁੰਘਣ ਤਾਂ ਆ ਜਾ ਫਿਰ ਵਾਪਸ ਜਾਵੇਂਗੀ ਹੀ ਨਹੀਂ।’
ਸਾਡੀ ਦੋਹਾਂ ਦੀ ਉਤਸੁਕਤਾ ਤੇ ਪਹੇਲੀ ਹੱਲ ਹੋ ਗਈ ਸੀ। ਸਾਡੇ ਚਿਹਰਿਆਂ ’ਤੇ ਜੋ ਪਹਿਲਾਂ ਮੁਸਕਰਾਹਟ ਰਹਿੰਦੀ ਸੀ। ਉਸ ਦੀ ਥਾਂ ’ਤੇ ਵੈਰਾਗ ਦੀ ਭਾਵਨਾ ਵਧੇਰੇ ਪਸਰ ਗਈ ਸੀ।

ਪ੍ਰੋ. ਜਤਿੰਦਰ ਬੀਰ ਸਿੰਘ ਨੰਦਾ   ਮੋਬਾਈਲ: 98152-55295 —–ਪੰਜਾਬੀ ਟ੍ਰਿਬਿੳਨ ਚੋ’ ਧੰਨਵਾਦ ਸਹਿਤ

September 24, 2015 |
© 2021 World Punjabi Media. All Rights Reserved. GreAtwal Solutions
WordPress Directory Theme

Classified Ads Software

Skip to toolbar